ਦਿੱਲੀ ਵਿਧਾਨ ਸਭਾ 'ਚ ਨਾਹਰੇਬਾਜ਼ੀ ਕਰ ਰਹੇ ਮਨਜਿੰਦਰ ਸਿੰਘ ਸਿਰਸਾ ਤੇ ਗੁਪਤਾ ਨੂੰ ਜਬਰੀ ਬਾਹਰ ਕਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਵਿਚੋਂ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਵਜਿੰਦਰ ਗੁਪਤਾ ਨੂੰ ਉਸ ਸਮੇਂ ਬਾਹਰ ਕੱਢ ਦਿਤਾ ਗਿਆ ਜਦ ਉਹ ਦਿੱਲੀ ਵਿਚ ਚਾਰ ਸਫ਼ਾਈ ਕਰਮਚਾਰੀ..

Delhi Vidhan Sabha

ਨਵੀਂ ਦਿੱਲੀ, 8 ਅਗੱਸਤ: ਦਿੱਲੀ ਵਿਧਾਨ ਸਭਾ ਵਿਚੋਂ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਵਜਿੰਦਰ ਗੁਪਤਾ ਨੂੰ ਉਸ ਸਮੇਂ ਬਾਹਰ ਕੱਢ ਦਿਤਾ ਗਿਆ ਜਦ ਉਹ ਦਿੱਲੀ ਵਿਚ ਚਾਰ ਸਫ਼ਾਈ ਕਰਮਚਾਰੀਆਂ ਦੀ ਮੌਤ 'ਤੇ ਚਰਚਾ ਕਰਨ ਦੀ ਮੰਗ ਕਰ ਰਹੇ ਸਨ।
ਦਿੱਲੀ ਵਿਧਾਨ ਸਭਾ ਦੇ ਚਾਰ ਦਿਨੀਂ ਸੈਸ਼ਨ ਦੀ ਅੱਜ ਹੰਗਾਮੇ ਨਾਲ ਸ਼ੁਰੂਆਤ ਹੋਈ। ਇਕ ਪਾਸੇ ਜਿਥੇ ਭਾਜਪਾ ਨੇ ਚਾਰ ਸਫ਼ਾਈ ਕਰਮਚਾਰੀਆਂ ਦੀ ਮੌਤ ਦਾ ਮੁੱਦਾ ਚੁਕਿਆ, ਉਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਚੰਡੀਗੜ੍ਹ ਵਿਚ ਹਰਿਆਣਾ ਭਾਜਪਾ ਮੁਖੀ ਦੇ ਪੁੱਤਰ ਵਲੋਂ ਇਕ ਕੁੜੀ ਦਾ ਪਿੱਛਾ ਕਰਨ ਦੇ ਮੁੱਦੇ ਨੂੰ ਲੈ ਕੇ ਭਾਜਪਾ ਮੈਂਬਰਾਂ ਵਿਰੁਧ ਨਾਹਰੇ ਲਗਾਏ। ਲਗਾਤਾਰ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੂੰ ਸਭਾ ਦੀ ਕਾਰਵਾਈ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ। ਵਿਧਾਨ ਸਭਾ ਦੀ ਕਾਰਵਾਈ ਪਹਿਲੀ ਵਾਰ 15 ਮਿੰਟ ਲਈ ਜਦਕਿ ਦੂਜੀ ਵਾਰ 30 ਮਿੰਟ ਲਈ ਮੁਲਤਵੀ ਕਰਨੀ ਪਈ। ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ ਵਿਚ ਸਿਰਸਾ ਅਤੇ ਗੁਪਤਾ ਨੇ ਮੁੜ ਤੋਂ ਸਫ਼ਾਈ ਕਰਮਚਾਰੀਆਂ ਦੀ ਮੌਤ ਦਾ ਮਾਮਲਾ ਚੁਕਿਆ ਅਤੇ ਸਪੀਕਰ ਰਾਮ ਨਿਵਾਸ ਗੋਇਲ ਦੇ ਕਹਿਣ ਦੇ ਬਾਵਜੂਦ ਉਹ ਅਪਣੀਆਂ ਸੀਟਾਂ 'ਤੇ ਵਾਪਸ ਨਾ ਪਰਤੇ। ਇਸ ਤੋਂ ਬਾਅਦ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ 30 ਮਿੰਟ ਲਈ ਮੁਲਤਵੀ ਕਰ ਦਿਤਾ। ਵਿਧਾਨ ਸਭਾ ਮੁੜ ਸ਼ੁਰੂ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਭਾਜਪਾ ਵਿਧਾਇਕਾਂ ਨੇ ਇਕ-ਦੂਜੇ ਵਿਰੁਧ ਨਾਹਰੇਬਾਜ਼ੀ ਕੀਤੀ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਦੇ ਕਹਿਣ 'ਤੇ ਅਪਣੀਆਂ ਸੀਟਾਂ 'ਤੇ ਵਾਪਸ ਆ ਗਏ ਜਦਕਿ ਭਾਜਪਾ ਵਿਧਾਇਕਾਂ ਨੇ ਅਜਿਹਾ ਨਾ ਕੀਤਾ। ਇਸ ਤੋਂ ਬਾਅਦ ਸਪੀਕਰ ਨੇ ਮਾਰਸ਼ਲਾਂ ਨੂੰ ਕਿਹਾ ਕਿ ਗੁਪਤਾ ਨੂੰ ਵਿਧਾਨ ਸਭਾ ਤੋਂ ਕਢਿਆ ਜਾਵੇ। ਗੁਪਤਾ ਨੂੰ ਵਿਧਾਨ ਸਭਾ ਤੋਂ ਕੱਢੇ ਜਾਣ ਤੋਂ ਬਾਅਦ ਨਾਹਰੇਬਾਜ਼ੀ ਕਰਨ ਵਾਲੇ ਸਿਰਸਾ ਨੂੰ ਵੀ ਮਾਰਸ਼ਲਾਂ ਨੇ ਵਿਧਾਨ ਸਭਾ 'ਚੋਂ ਬਾਹਰ ਕਢਿਆ। ਨਾਹਰੇਬਾਜ਼ੀ ਕਰਨ ਵਾਲਾ ਭਾਜਪਾ ਦਾ ਇਕ ਹੋਰ ਵਿਧਾਇਕ ਜਗਦੀਸ਼ ਪ੍ਰਧਾਨ ਅਪਣੀ ਸੀਟ 'ਤੇ ਵਾਪਸ ਪਰਤ ਆਇਆ। ਜ਼ਿਕਰਯੋਗ ਹੈ ਕਿ 70 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ ਸਿਰਫ਼ ਚਾਰ ਵਿਧਾਇਕ ਹਨ। ਭਾਜਪਾ ਦਾ ਚੌਥਾ ਵਿਧਾਇਕ ਵਿਧਾਭ ਸਭਾ ਸੈਸ਼ਨ ਵਿਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਸ ਨੂੰ ਵਿਧਾਨ ਸਭਾ ਦੇ ਦੋ ਸੈਸ਼ਨਾਂ ਲਈ ਮੁਅੱਤਲ ਕੀਤਾ ਗਿਆ ਹੈ।
ਵਿਧਾਨ ਸਭਾ ਦੀ ਕਾਰਵਾਈ ਦੂਜੀ ਵਾਰ ਸ਼ੁਰੂ ਹੋਣ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ ਕਰਨ ਲਈ ਲਿਖਤੀ ਨਿਰਦੇਸ਼ ਜਾਰੀ ਕੀਤੇ ਗਏ ਹਨ ਜਦਕਿ ਠੇਕੇਦਾਰ ਨੇ ਸਫ਼ਾਈ ਕਰਮਚਾਰੀਆਂ ਨੂੰ ਹੀ ਸੀਵਰੇਜ ਵਿਚ ਭੇਜ ਦਿਤਾ। (ਪੀ.ਟੀ.ਆਈ.)