ਜੇਲ ਭਰੋ ਅੰਦੋਲਨ ਦੇ ਪਹਿਲੇ ਦਿਨ ਬੰਦ ਕੀਤੇ ਕਿਸਾਨ ਰਾਤ ਨੂੰ ਕੀਤੇ ਰਿਹਾਅ
ਕਿਸਾਨੀ ਮੰਗਾਂ ਨੂੰ ਲੈ ਬੀਤੇ ਕਲ ਤੋਂ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਸ਼ੁਰੂ ਕੀਤੇ ਦੁਆਰਾ ਸ਼ੁਰੂ ਕੀਤੇ ਜੇਲ ਭਰੋ ਅੰਦੋਲਨ ਤਹਿਤ ਸਰਕਾਰ ਨੇ ਕਿਸਾਨਾਂ ਨੂੰ..
ਬਠਿੰਡਾ, 10 ਅਗੱਸਤ (ਸੁਖਜਿੰਦਰ ਮਾਨ) : ਕਿਸਾਨੀ ਮੰਗਾਂ ਨੂੰ ਲੈ ਬੀਤੇ ਕਲ ਤੋਂ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਸ਼ੁਰੂ ਕੀਤੇ ਦੁਆਰਾ ਸ਼ੁਰੂ ਕੀਤੇ ਜੇਲ ਭਰੋ ਅੰਦੋਲਨ ਤਹਿਤ ਸਰਕਾਰ ਨੇ ਕਿਸਾਨਾਂ ਨੂੰ ਜੇਲਾਂ 'ਚ ਰੱਖਣ ਤੋਂ ਇਨਕਾਰ ਕਰ ਦਿਤਾ ਹੈ। ਬੀਤੇ ਕਲ ਸੂਬੇ ਭਰ 'ਚ 577 ਕਿਸਾਨਾਂ ਵਲੋਂ ਇਸ ਅੰਦੋਲਨ ਤਹਿਤ ਗ੍ਰਿਫਤਾਰੀਆਂ ਦਿਤੀਆਂ ਸਨ। ਹਾਲਾਂਕਿ ਅੱਧੀ ਦਰਜਨ ਜ਼ਿਲ੍ਹਿਆਂ 'ਚ ਪੁਲਿਸ ਨੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਪਾਉਣ ਤੋਂ ਹੀ ਇਨਕਾਰ ਕਰ ਦਿਤਾ ਸੀ।
ਇਕੱਲੇ ਬਠਿੰਡਾ ਜ਼ਿਲ੍ਹੇ 'ਚ ਹੀ 185 ਕਿਸਾਨਾਂ ਨੇ ਗ੍ਰਿਫਤਾਰੀਆਂ ਦਿਤੀਆਂ ਸਨ, ਜਿਨ੍ਹਾਂ ਨੂੰ ਬਾਅਦ ਦੁਪਿਹਰ ਗ੍ਰਿਫਤਾਰ ਕਰ ਕੇ ਸ਼ਹਿਰ ਦੇ ਵੱਖ-ਵੱਖ ਚਾਰ ਥਾਣਿਆਂ 'ਚ ਕਈ ਘੰਟੇ ਡੱਕੀ ਰੱਖਿਆ। ਹਾਲਾਂਕਿ ਮੈਜਿਸਟਰੇਟ ਦੇ ਆਦੇਸ਼ਾਂ 'ਤੇ ਸੂਬੇ ਦੇ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਦੀ ਅਗਵਾਈ ਹੇਠ ਇਨ੍ਹਾਂ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਪਾ ਦਿਤੀਆਂ ਗਈਆਂ ਸਨ ਪ੍ਰੰਤੂ ਦੇਰ ਰਾਤ ਕਰੀਬ ਸਾਢੇ 9 ਵਜੇ ਗ੍ਰਿਫ਼ਤਾਰ ਕਿਸਾਨਾਂ ਨੂੰ ਜੇਲਾਂ 'ਚ ਭੇਜਣ ਦੀ ਬਜਾਏ ਥਾਣਿਆਂ 'ਚੋਂ ਘਰੋ-ਘਰੀ ਤੋਰ ਦਿਤਾ।
ਇਸੇ ਤਰ੍ਹਾਂ ਫ਼ਰੀਦਕੋਟ ਜ਼ਿਲ੍ਹੇ 'ਚ ਵੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੀ ਅਗਵਾਈ ਹੇਠ ਗ੍ਰਿਫਤਾਰ ਕੀਤੇ 23 ਕਿਸਾਨਾਂ ਨੂੰ ਜੇਲ ਤੋਰਨ ਲਈ ਕਲੰਦਰੇ ਤਿਆਰ ਕਰ ਲਏ ਗਏ ਸਨ ਪ੍ਰੰਤੂ ਇੰਨ੍ਹਾਂ ਕਿਸਾਨਾਂ ਨੂੰ ਦੇਰ ਸ਼ਾਮ ਛੱਡ ਦਿਤਾ ਗਿਆ। ਇਸੇ ਤਰ੍ਹਾਂ ਮੁਕਤਸਰ 'ਚ ਸਿਰਫ਼ 13, ਫ਼ਤਿਹਗੜ੍ਹ ਸਾਹਿਬ 'ਚ ਕਰੀਬ ਡੇਢ ਸੋ, ਫ਼ਰੀਦਕੋਟ 'ਚ 127, ਸੰਗਰੂਰ 'ਚ 28 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਕਿਸੇ ਵੀ ਕਿਸਾਨ ਨੂੰ ਜੇਲ ਨਹੀਂ ਭੇਜਿਆ ਗਿਆ।
ਦੂਜੇ ਪਾਸੇ ਕਿਸਾਨਾਂ ਨੇ ਵੀ ਅਪਣੇ ਸੰਘਰਸ ਨੂੰ ਜਾਰੀ ਰਖਦਿਆਂ ਅੱਜ ਫ਼ਿਰ 31 ਕਿਸਾਨਾਂ ਵਲੋਂ ਗ੍ਰਿਫਤਾਰੀਆਂ ਦਿਤੀਆਂ ਗਈਆਂ, ਜਿਨ੍ਹਾਂ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਹਿਤ ਹੋਰ ਵੱਡੇ ਆਗੂ ਵੀ ਸ਼ਾਮਲ ਸਨ।
ਇਸ ਦੌਰਾਨ ਅੱਜ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਮੁਖਤਿਆਰ ਸਿੰਘ ਕੁੱਬੇ ਅਤੇ ਰੇਸ਼ਮ ਸਿੰਘ ਯਾਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਡਾ. ਸੁਆਮੀਨਾਥਨ ਰਿਪੋਰਟ ਲਾਗੂ ਕਰਨ ਤੇ ਸਮੁੱਚਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਆਦਿ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਲਗਾਤਾਰੀ ਜਾਰੀ ਰਹੇਗਾ।