Ravneet Singh Bittu News: ਮੇਰੇ ਦਾਦਾ ਬੇਅੰਤ ਸਿੰਘ ਦੀ ਕੁਰਬਾਨੀ ਸਿਰਫ ਕਾਂਗਰਸ ਲਈ ਨਹੀਂ ਸਗੋਂ ਪੰਜਾਬ ਲਈ ਸੀ: MP ਰਵਨੀਤ ਸਿੰਘ ਬਿੱਟੂ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ‘ਮੇਰੀ ਤਰਜੀਹ ਪੰਜਾਬ, ਇਸ ਦੇ ਲੋਕ ਅਤੇ ਵਿਕਾਸ ਹੈ, ਪਾਰਟੀਆਂ ਨਹੀਂ’

Beant Singh’s sacrifice was for people of Punjab, not just Congress: Ravneet Singh Bittu

Ravneet Singh Bittu News:  ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਸੱਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਮੇਰੇ ਦਾਦਾ ਜੀ ਦੀ ਵਿਰਾਸਤ ਅਤੇ ਕੁਰਬਾਨੀ ਮੇਰੇ ਲਈ ਸਰਵਉੱਚ ਹੈ। ਬੇਅੰਤ ਸਿੰਘ ਦੀ ਕੁਰਬਾਨੀ ਸਿਰਫ ਕਾਂਗਰਸ ਲਈ ਨਹੀਂ ਸਗੋਂ ਪੰਜਾਬ ਲਈ ਸੀ। ਮੇਰੇ ਲਈ ਵੀ ਪੰਜਾਬ ਪਹਿਲਾਂ ਹੈ।

ਇਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ, ‘ਮੇਰੇ ਦਾਦਾ ਜੀ ਦੀ ਵਿਰਾਸਤ, ਉਨ੍ਹਾਂ ਦੀ ਕੁਰਬਾਨੀ ਅੱਜ ਵੀ ਮੇਰੇ ਲਈ ਸਰਵਉੱਚ ਹੈ। ਉਨ੍ਹਾਂ ਦੀ ਹਤਿਆ ਇਸ ਲਈ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਅਤਿਵਾਦੀਆਂ ਵਿਰੁਧ ਆਵਾਜ਼ ਉਠਾਈ, ਪੰਜਾਬ ਦੀ ਸ਼ਾਂਤੀ ਅਤੇ ਦੇਸ਼ ਦੀ ਏਕਤਾ ਲਈ ਖੜ੍ਹੇ ਹੋਏ ਸੀ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੇਅੰਤ ਸਿੰਘ ਦੀ ਕੁਰਬਾਨੀ ਸਿਰਫ਼ ਕਾਂਗਰਸ ਪਾਰਟੀ ਲਈ ਨਹੀਂ, ਸਗੋਂ ਪੰਜਾਬ ਲਈ ਸੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਾਂਤਮਈ ਭਵਿੱਖ ਲਈ ਆਪਣੀ ਜਾਨ ਕੁਰਬਾਨ ਕਰ ਦਿਤੀ”।

ਬਿੱਟੂ ਨੇ ਅੱਗੇ ਕਿਹਾ, “ਉਹ ਕਾਂਗਰਸ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਬਿਨਾਂ ਸ਼ੱਕ ਇਸ ਪਾਰਟੀ (ਕਾਂਗਰਸ) ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ, ਪਰ ਉਨ੍ਹਾਂ ਦੀ ਕੁਰਬਾਨੀ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਲਈ ਨਹੀਂ ਸਗੋਂ ਸਮੁੱਚੇ ਪੰਜਾਬ ਲਈ ਸੀ”।

ਸੰਸਦ ਮੈਂਬਰ ਨੇ ਕਿਹਾ, “ਮੈਂ ਕਾਂਗਰਸ ਦੇ ਖਿਲਾਫ਼ ਇਕ ਵੀ ਸ਼ਬਦ ਨਹੀਂ ਬੋਲਿਆ ਅਤੇ ਨਾ ਹੀ ਬੋਲਾਂਗਾ ਪਰ ਸਮਾਂ ਬਦਲ ਗਿਆ ਹੈ। ਮੈ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇ ਸਮੇਂ ਵਿਚ, ਇਹ ਕਾਂਗਰਸ ਜਾਂ ਭਾਜਪਾ ਬਾਰੇ ਨਹੀਂ ਹੈ; ਕੋਈ ਵੀ ਪਾਰਟੀ ਅੰਦਰੂਨੀ ਤੌਰ 'ਤੇ ਚੰਗੀ ਜਾਂ ਮਾੜੀ ਨਹੀਂ ਹੁੰਦੀ; ਇਹ ਨੇਤਾਵਾਂ ਬਾਰੇ ਹੈ”।

ਉਨ੍ਹਾਂ ਅੱਗੇ ਕਿਹਾ, “ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਕਾਂਗਰਸ ਮਾੜੀ ਪਾਰਟੀ ਹੈ ਜਾਂ ਇਸ ਦੇ ਆਗੂ ਚੰਗੇ ਨਹੀਂ ਹਨ। ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੋਵੇਂ ਨੌਜਵਾਨ ਹਨ ਅਤੇ ਪਾਰਟੀ ਲਈ ਅਣਥੱਕ ਮਿਹਨਤ ਕਰ ਰਹੇ ਹਨ, ਪਰ ਮੇਰੀ ਤਰਜੀਹ ਪੰਜਾਬ, ਇਸ ਦੇ ਲੋਕ ਅਤੇ ਵਿਕਾਸ ਹੈ, ਪਾਰਟੀਆਂ ਨਹੀਂ। ਫਿਲਹਾਲ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਉਨ੍ਹਾਂ ਅਤੇ ਦਿੱਲੀ (ਕੇਂਦਰ) ਵਿਚਕਾਰ ਪੁਲ ਦੀ ਲੋੜ ਹੈ”।

(For more Punjabi news apart from Beant Singh’s sacrifice was for people of Punjab, not just Congress: Ravneet Singh Bittu , stay tuned to Rozana Spokesman)