ਕਾਂਗਰਸ ਨੇ ਸੁਨੀਲ ਜਾਖੜ ਨੂੰ ਨਹੀਂ ਕੀਤਾ ਸਸਪੈਂਡ ਪਰ ਸਾਰੇ ਅਹੁਦਿਆਂ ਤੋਂ ਹਟਾਇਆ

ਏਜੰਸੀ

ਖ਼ਬਰਾਂ, ਰਾਜਨੀਤੀ

ਹੁਣ ਆਉਣ ਵਾਲੇ 2  ਸੈੱਲ ਤੱਕ ਨਹੀਂ ਮਿਲੇਗਾ ਕੋਈ ਵੀ ਨਵਾਂ ਅਹੁਦਾ 

Sunil Jakhar

ਨਵੀਂ ਦਿੱਲੀ : ਪੰਜਾਬ ਵਿੱਚ ਕਾਂਗਰਸ ਦੇ ਦਿੱਗਜ ਆਗੂ ਸੁਨੀਲ ਜਾਖੜ ਪ੍ਰਤੀ ਕਾਂਗਰਸ ਹਾਈਕਮਾਂਡ ਨਰਮ ਪੈ ਗਈ ਹੈ। ਜਾਖੜ ਨੂੰ ਕਾਂਗਰਸ ਮੁਅੱਤਲ ਨਹੀਂ ਕਰੇਗੀ। ਹਾਲਾਂਕਿ ਹੁਣ ਉਨ੍ਹਾਂ ਨੂੰ ਦੋ ਸਾਲ ਤੱਕ ਪਾਰਟੀ 'ਚ ਕੋਈ ਅਹੁਦਾ ਨਹੀਂ ਮਿਲੇਗਾ। ਉਨ੍ਹਾਂ ਨੂੰ ਉਨ੍ਹਾਂ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਜੋ ਉਹ ਮੌਜੂਦਾ ਸਮੇਂ ਵਿੱਚ ਸੰਭਾਲ ਰਹੇ ਹਨ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਨੂੰ ਦੋ ਸਾਲ ਲਈ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਸੀ।

ਇਸ ਨੂੰ ਅੰਤਿਮ ਮਨਜ਼ੂਰੀ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਅਨੁਸ਼ਾਸਨੀ ਕਮੇਟੀ ਦੇ ਸਾਰੇ ਮੈਂਬਰ ਵੀ ਇਸ ਕਾਰਵਾਈ ਲਈ ਇਕਮਤ ਨਹੀਂ ਸਨ। ਦੱਸਣਯੋਗ ਹੈ ਕਿ 11 ਅਪ੍ਰੈਲ ਨੂੰ ਕਾਂਗਰਸ ਨੇਤਾਵਾਂ ਵਲੋਂ ਸੁਨੀਲ ਜਾਖੜ ਨੂੰ ਪਾਰਟੀ ਅਨੁਸ਼ਾਸਨ ਤੋੜਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਇਸ ਵਿੱਚ ਇੱਕ ਹਫ਼ਤੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਸੁਨੀਲ ਜਾਖੜ ਨੇ ਅਜੇ ਤੱਕ ਕਮੇਟੀ ਸਾਹਮਣੇ ਕੋਈ ਬਿਆਨ ਨਹੀਂ ਦਿੱਤਾ ਹੈ। ਅਨੁਸ਼ਾਸਨੀ ਕਮੇਟੀ ਦੇ ਨੋਟਿਸ ‘ਤੇ ਜਾਖੜ ਨੇ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ ਦੇ ਗੁਲਾਮ ਨਹੀਂ ਸਗੋਂ ਅਨੁਸ਼ਾਸਿਤ ਵਰਕਰ ਹਨ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਨਾਲ ਉਨ੍ਹਾਂ ਦਾ 50 ਸਾਲ ਪੁਰਾਣਾ ਰਿਸ਼ਤਾ ਹੈ।

ਜਾਖੜ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਮੈਂ ਕਾਂਗਰਸ ਪਾਰਟੀ ਦੇ ਅਨੁਸ਼ਾਸਿਤ ਵਰਕਰ ਵਜੋਂ ਕੰਮ ਕੀਤਾ ਹੈ। ਬੀਤੇ ਕੱਲ ਅਨੁਸ਼ਾਸਨੀ ਕਮੇਟੀ ਵਲੋਂ ਜਾਖੜ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ 'ਤੇ ਗੌਰ ਕਰਦਿਆਂ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਦੋ ਸਾਲ ਤੱਕ ਕੋਈ ਵੀ ਅਹੁਦਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ।