ਪ੍ਰਿਅੰਕਾ ਨੂੰ ਮੋਦੀ ਵਿਰੁਧ ਵਾਰਾਣਸੀ ਤੋਂ ਚੋਣ ਲੜਨ ਦੀ ਸਿਫ਼ਾਰਸ਼ ਹਾਈਕਮਾਨ ਨੂੰ ਭੇਜੇਗੀ ਯੂ.ਪੀ. ਕਾਂਗਰਸ : ਅਜੈ ਰਾਏ
2004 ਤੋਂ ਬਾਅਦ ਭਾਜਪਾ ਦੇ ਗੜ੍ਹ ਵਾਰਾਣਸੀ ’ਚ ਜਿੱਤ ਦਰਜ ਨਹੀਂ ਕਰ ਸਕੀ ਹੈ ਕਾਂਗਰਸ
ਲਖਨਊ: ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਰਾਏ ਦਾ ਕਹਿਣਾ ਹੈ ਕਿ ਸੂਬਾ ਇਕਾਈ ਪਾਰਟੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵਾਰਾਣਸੀ ਤੋਂ ਚੋਣ ਲੜਾਉਣ ਦੀ ਇੱਛੁਕ ਹੈ ਅਤੇ ਉਹ ਇਸ ਲਈ ਛੇਤੀ ਹੀ ਪਾਰਟੀ ਹਾਈਕਮਾਨ ਨੂੰ ਇਕ ਮਤਾ ਭੇਜੇਗੀ।
ਰਾਏ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਵੀ ਵਿਰੋਧੀ ਧਿਰ ਨੂੰ ਕਾਂਗਰਸ ਹਾਈਕਮਾਨ ’ਚ ਹੀ ਅਗਲੀ ਲੋਕ ਸਭਾ ਚੋਣ ਲੜਨੀ ਚਾਹੀਦੀ ਹੈ, ਕਿਉਂਕਿ ਕੌਮੀ ਪੱਧਰ ’ਤੇ ਚੋਣਾਂ ’ਚ ਲੋਕ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਬਦਲ ਲੱਭਣਗੇ, ਜੋ ਯਕੀਨੀ ਤੌਰ ’ਤੇ ਕਾਂਗਰਸ ਹੀ ਹੈ।
ਪਿੱਛੇ ਜਿਹੇ ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਅਜੈ ਰਾਏ (53) ਨੇ ਪੀ.ਟੀ.ਆਈ. ਨਾਲ ਗੱਲ ਕਰਦੇ ਹੋਏ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਪ੍ਰਿਯੰਕਾ ਜੀ ਬਨਾਰਸ ਤੋਂ ਲੋਕ ਸਭਾ ਚੋਣ ਲੜਨ। ਇਸ ਲਈ ਅਸੀਂ ਛੇਤੀ ਹੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਮਤਾ ਭੇਜਾਂਗੇ।’’
ਉਨ੍ਹਾਂ ਕਿਹਾ, ‘‘ਵੈਸੇ ਤਾਂ ਪ੍ਰਿਅੰਕਾ ਗਾਂਧੀ ਕਿਸੇ ਵੀ ਸੀਟ ਤੋਂ ਚੋਣ ਲੜ ਸਕਦੀ ਹੈ। ਅਸੀਂ ਅਪਣੀ ਪੂਰੀ ਤਾਕਤ ਨਾਲ ਉਨ੍ਹਾਂ ਨੂੰ ਚੋਣ ਲੜਾਵਾਂਗੇ, ਪਰ ਅਸੀਂ ਚਾਹੁੰਦੇ ਹਾਂ ਕਿ ਉਹ ਵਾਰਾਣਸੀ ਤੋਂ ਚੋਣ ਲੜਨ।’’
ਵਾਰਾਣਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੈ। ਉਹ ਸਾਲ 2019 ’ਚ ਵਾਰਾਣਸੀ ਤੋਂ ਲਗਾਤਾਰ ਦੂਜੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੇ 2024 ’ਚ ਵੀ ਵਾਰਾਣਸੀ ਤੋਂ ਚੋਣ ਲੜਨ ਦੀ ਮਜ਼ਬੂਤ ਸੰਭਾਵਨਾ ਹੈ।
ਇਹ ਪੁੱਛੇ ਜਾਣ ’ਤੇ ਕਿ ਕਾਂਗਰਸ ਪ੍ਰਿਅੰਕਾ ਨੂੰ ਮੋਦੀ ਦੇ ਵਿਰੁਧ ਖੜਾ ਕਰ ਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ, ਰਾਏ ਨੇ ਕਿਹਾ, ‘‘ਸਿਰਫ ਇਹੀ ਸੰਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ (ਮੋਦੀ) ਵਿਰੁਧ ਕੋਈ ਮਜ਼ਬੂਤੀ ਨਾਲ ਖੜਾ ਹੋਇਆ ਹੈ।’’
ਵਾਰਾਣਸੀ ਲੋਕ ਸਭਾ ਹਲਕਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਜਪਾ ਦਾ ਗੜ੍ਹ ਰਿਹਾ ਹੈ। ਹਾਲਾਂਕਿ ਸਾਲ 2004 ’ਚ ਇਹ ਸੀਟ ਇਕ ਵਾਰ ਕਾਂਗਰਸ ਦੇ ਹੱਥਾਂ ’ਚ ਗਈ ਸੀ। ਅਜੈ ਰਾਏ ਖ਼ੁਦ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਨੂੰ ਚੁਨੌਤੀ ਦੇ ਚੁਕੇ ਹਨ।