ਬੰਗਾਲ ’ਚ ਸ਼ਾਂਤੀ ਤਾਂ ਹੀ ਸਥਾਪਤ ਹੋ ਸਕਦੀ ਹੈ ਜੇ ਸਰਹੱਦ ਪਾਰ ਘੁਸਪੈਠ ਰੁਕੇ : ਅਮਿਤ ਸ਼ਾਹ 

ਏਜੰਸੀ

ਖ਼ਬਰਾਂ, ਰਾਜਨੀਤੀ

2026 ’ਚ ਪਛਮੀ ਬੰਗਾਲ ’ਚ ਬਦਲਾਅ ਲਿਆਉਣ ਲਈ ਕਿਹਾ

Home Minister Amit Shah

ਕੋਲਕਾਤਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਪਛਮੀ ਬੰਗਾਲ ਦੇ ਲੋਕਾਂ ਨੂੰ 2026 ਦੀਆਂ ਵਿਧਾਨ ਸਭਾ ਚੋਣਾਂ ’ਚ ਬਦਲਾਅ ਲਿਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸੂਬੇ ’ਚ ਸ਼ਾਂਤੀ ਤਾਂ ਹੀ ਬਹਾਲ ਹੋ ਸਕਦੀ ਹੈ ਜੇਕਰ ਬੰਗਲਾਦੇਸ਼ ਤੋਂ ਸਰਹੱਦ ਪਾਰ ਤੋਂ ਘੁਸਪੈਠ ਬੰਦ ਹੋਵੇ। 

ਪਛਮੀ ਬੰਗਾਲ ਦੇ ਪੈਟਰਾਪੋਲ ਲੈਂਡ ਪੋਰਟ ’ਤੇ ਇਕ ਨਵੀਂ ਮੁਸਾਫ਼ਰ ਟਰਮੀਨਲ ਇਮਾਰਤ ਅਤੇ ‘ਮੈਤਰੀ ਦੁਆਰ’ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਛਮੀ ਬੰਗਾਲ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, ‘‘2026 ’ਚ ਪਛਮੀ ਬੰਗਾਲ ’ਚ ਬਦਲਾਅ ਲਿਆਉ। ਅਸੀਂ ਘੁਸਪੈਠ ਨੂੰ ਰੋਕਾਂਗੇ ਅਤੇ ਸੂਬੇ ’ਚ ਸ਼ਾਂਤੀ ਯਕੀਨੀ ਬਣਾਵਾਂਗੇ।’’

ਉਨ੍ਹਾਂ ਕਿਹਾ, ‘‘ਜ਼ਮੀਨੀ ਬੰਦਰਗਾਹਾਂ ਖੇਤਰ ’ਚ ਸ਼ਾਂਤੀ ਸਥਾਪਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਜਦੋਂ ਸਰਹੱਦ ਪਾਰ ਲੋਕਾਂ ਦੀ ਕਾਨੂੰਨੀ ਆਵਾਜਾਈ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਤਾਂ ਆਵਾਜਾਈ ਦੇ ਗੈਰ-ਕਾਨੂੰਨੀ ਤਰੀਕੇ ਸਾਹਮਣੇ ਆਉਂਦੇ ਹਨ, ਜਿਸ ਨਾਲ ਦੇਸ਼ ਦੀ ਸ਼ਾਂਤੀ ਪ੍ਰਭਾਵਤ ਹੁੰਦੀ ਹੈ। ਬੰਗਾਲ ’ਚ ਸ਼ਾਂਤੀ ਤਾਂ ਹੀ ਆ ਸਕਦੀ ਹੈ ਜੇ ਘੁਸਪੈਠ ਰੁਕ ਜਾਵੇ।’’