ਗਾਂਧੀ ਪਰਿਵਾਰ ਭਾਰਤੀ ਰਾਜਨੀਤੀ ਦਾ 'ਸਭ ਤੋਂ ਭ੍ਰਿਸ਼ਟ ਪਰਿਵਾਰ' - ਭਾਜਪਾ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਸੇਧੇ ਤਿੱਖੇ ਹਮਲੇ 

Representational Image

 

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ, ਜ਼ਮੀਨ ਦੀ ਖਰੀਦ ਸੰਬੰਧੀ ਇੱਕ ਮਾਮਲੇ 'ਚ ਰਾਜਸਥਾਨ ਉੱਚ ਅਦਾਲਤ ਵੱਲੋਂ ਪਟੀਸ਼ਨ ਖਾਰਜ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ, ਗਾਂਧੀ ਪਰਿਵਾਰ ਨੂੰ 'ਕੱਟੜ ਪਾਪੀ ਪਰਿਵਾਰ' ਅਤੇ ਭਾਰਤੀ ਰਾਜਨੀਤੀ ਦਾ 'ਸਭ ਤੋਂ ਭ੍ਰਿਸ਼ਟ ਪਰਿਵਾਰ' ਕਰਾਰ ਦਿੱਤਾ।

ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਵਾਡਰਾ 'ਤੇ ਲੱਗੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ 'ਤੇ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ, ਕਿਉਂਕਿ ਇਹ ਮਾਮਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਉਨ੍ਹਾਂ ਦੀ ਪਾਰਟੀ ਹਰਿਆਣਾ ਅਤੇ ਰਾਜਸਥਾਨ ਦੇ ਨਾਲ-ਨਾਲ ਕੇਂਦਰ ਵਿੱਚ ਵੀ ਸੱਤਾ 'ਚ ਸੀ।

ਕਾਂਗਰਸ ਦਾਅਵਾ ਕਰਦੀ ਰਹੀ ਹੈ ਕਿ ਵਾਡਰਾ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ।

ਰਾਜਸਥਾਨ ਹਾਈ ਕੋਰਟ ਨੇ ਪਿਛਲੇ ਹਫ਼ਤੇ ਵਾਡਰਾ ਅਤੇ ਉਸ ਦੀ ਮਾਂ ਨਾਲ ਜੁੜੀ ਇੱਕ ਕੰਪਨੀ (ਸਕਾਈਲਾਈਟ ਹਾਸਪਿਟੈਲਿਟੀ) ਦੁਆਰਾ ਕਥਿਤ ਸ਼ੱਕੀ ਤਰੀਕਿਆਂ ਨਾਲ ਬੀਕਾਨੇਰ ਵਿੱਚ ਜ਼ਮੀਨ ਖਰੀਦ ਦੇ ਮਾਮਲੇ ਵਿੱਚ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਭਾਟੀਆ ਨੇ ਦੋਸ਼ ਲਾਇਆ, "ਇਹ ਭਾਰਤ ਦਾ ‘ਕੱਟੜ ਪਾਪੀ ਪਰਿਵਾਰ’ ਹੈ। ਇਸ ਦਾ ਇੱਕੋ-ਇੱਕ ਕੰਮ ਭ੍ਰਿਸ਼ਟਾਚਾਰ ਕਰਨਾ ਅਤੇ ਵਾਡਰਾ ਨੂੰ ਸੌਂਪਣ ਲਈ ਜ਼ਮੀਨ ਹੜੱਪਣਾ ਹੈ।”

ਉਸ ਨੇ ਵਾਡਰਾ ਵਿਰੁੱਧ ਬਦਲਾਖੋਰੀ ਦੇ ਕਾਂਗਰਸ ਦੇ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਨਿਆਂਪਾਲਿਕਾ 'ਤੇ ਹਮਲਾ ਕਰਨ ਦੇ ਬਰਾਬਰ ਹੈ, ਜਿਸ ਨੇ ਵਾਡਰਾ ਵਿਰੁੱਧ ਦੋਸ਼ਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਉਸ ਨੇ ਕਿਹਾ, "ਉਹ ਭਾਰਤੀ ਰਾਜਨੀਤੀ ਵਿੱਚ ਸਭ ਤੋਂ ਭ੍ਰਿਸ਼ਟ ਪਰਿਵਾਰ ਹੈ। ਪਰਿਵਾਰ ਦੇ ਤਿੰਨ ਮੈਂਬਰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਜ਼ਮਾਨਤ ’ਤੇ ਬਾਹਰ ਹਨ। ਭ੍ਰਿਸ਼ਟਾਚਾਰ ਵਾਸਤੇ ਸਿਫ਼ਰ ਸਹਿਣਸ਼ੀਲਤਾ ਵਾਲੀ ਸਰਕਾਰ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।"

ਭਾਟੀਆ ਨੈਸ਼ਨਲ ਹੈਰਾਲਡ ਮਾਮਲੇ 'ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਵਾਲਾ ਦੇ ਰਹੇ ਸਨ।