ਪ੍ਰਧਾਨ ਮੰਤਰੀ ਦਾ ਹਾਰਨਾ, ਭਾਰਤ ਦੇ ਹਾਰਨ ਵਰਗਾ : ਸ਼ਸ਼ੀ ਥਰੂਰ
ਕਾਂਗਰਸ ਇਸ ਤਰ੍ਹਾਂ ਨਹੀਂ ਸੋਚਦੀ : ਕਾਂਗਰਸ ਨੇਤਾ ਵੀ. ਹਨੂਮੰਤ ਰਾਓ
ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਥਿਤ ਤੌਰ ਉਤੇ ਪ੍ਰਧਾਨ ਮੰਤਰੀ ਦੀ ਹਾਰ ਉਤੇ ਖੁਸ਼ੀ ਮਨਾਉਣ ਨੂੰ ਭਾਰਤ ਦੀ ਹਾਰ ਦਾ ਜਸ਼ਨ ਮਨਾਉਣ ਦੇ ਬਰਾਬਰ ਦਸਿਆ ਹੈ। ਕਾਂਗਰਸ ਨੇਤਾ ਵੀ. ਹਨੂਮੰਤ ਰਾਓ ਨੇ ਸਨਿਚਰਵਾਰ ਨੂੰ ਥਰੂਰ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਪਾਰਟੀ (ਕਾਂਗਰਸ) ਇਸ ਤਰ੍ਹਾਂ ਨਹੀਂ ਸੋਚਦੀ।
ਰਾਓ ਨੇ ਅਪਣੀ ਟਿਪਣੀ ਨੂੰ ਪਾਰਟੀ ਦੇ ਲੋਕਤੰਤਰੀ ਢਾਂਚੇ ਬਦੌਲਤ ਦਸਦਿਆਂ ਕਿਹਾ ਕਿ ਜੇ ਕੋਈ ਹੋਰ ਪਾਰਟੀ ਇਸ ਤਰ੍ਹਾਂ ਦੇ ਬਿਆਨ ਦਿੰਦੀ ਤਾਂ ਕਾਰਵਾਈ ਕੀਤੀ ਜਾਂਦੀ। ਉਨ੍ਹਾਂ ਕਿਹਾ, ‘‘ਸਾਡੇ ਕੋਲ ਲੋਕਤੰਤਰ ਹੈ, ਇਸ ਲਈ ਹਰ ਕੋਈ ਅਪਣੇ ਵਿਚਾਰ ਪ੍ਰਗਟ ਕਰਦਾ ਹੈ। ਅਗਰ ਕੋਈ ਦੂਸਰੀ ਪਾਰਟੀ ਦਾ ਇਸ ਤਰ੍ਹਾਂ ਦੇ ਬਿਆਨ ਦਿੰਦਾ ਤਾਂ ਤੇਜ਼ੀ ਨਾਲ ਕਾਰਵਾਈ ਹੁੰਦੀ ਸੀ, ਪਰ ਸਾਡੇ ਇੱਥੇ ਲੋਕਤੰਤਰ ਹੈ। ਇਹ ਉਨ੍ਹਾਂ ਦੀ ਸੋਚ ਹੋ ਸਕਦੀ ਹੈ, ਪਰ ਪਾਰਟੀ ਇਸ ਤਰ੍ਹਾਂ ਨਹੀਂ ਸੋਚਦੀ।’’
ਇਸ ਤੋਂ ਪਹਿਲਾਂ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੇ ਬਿਆਨ ਲਈ ਦਲੇਰ ਦਸਿਆ ਅਤੇ ਉਮੀਦ ਪ੍ਰਗਟਾਈ ਕਿ ਕਾਂਗਰਸ ਥਰੂਰ ਵਿਰੁਧ ਕਾਰਵਾਈ ਨਹੀਂ ਕਰੇਗੀ।
ਉਨ੍ਹਾਂ ਕਿਹਾ, ‘‘ਇਕ ਵਾਰ ਫਿਰ ਸ਼ਸ਼ੀ ਥਰੂਰ ਨੇ ਰਾਹੁਲ ਗਾਂਧੀ ਨੂੰ ਭਾਰਤ ਵਿਰੁਧ ਕੀਤੇ ਜਾਣ ਵਾਲੇ ਸਾਰੇ ਪ੍ਰਚਾਰ ਲਈ ਸ਼ੀਸ਼ਾ ਵਿਖਾਉਣ ਦੀ ਹਿੰਮਤ ਵਿਖਾਈ ਹੈ। ਡਾ. ਥਰੂਰ ਨੇ ਸਹੀ ਕਿਹਾ ਹੈ ਕਿ ਵਿਦੇਸ਼ ਨੀਤੀ ਕਿਸੇ ਇਕ ਪਾਰਟੀ ਦੀ ਨਹੀਂ ਹੈ; ਇਹ ਰਾਸ਼ਟਰ ਦੀ ਹੁੰਦੀ ਹੈ... ਮੈਂ ਉਮੀਦ ਕਰਦਾ ਹਾਂ ਕਿ ਉਹ ਥਰੂਰ ਦੇ ਵਿਰੁਧ ਕੋਈ ਕਾਰਵਾਈ ਨਹੀਂ ਕਰਨਗੇ। ਉਹ ਉਨ੍ਹਾਂ ਦੇ ਵਿਰੁਧ ਫਤਵਾ ਜਾਰੀ ਕਰ ਸਕਦੇ ਹਨ ਕਿਉਂਕਿ ਉਹ ਪਰਵਾਰਕ ਹਿੱਤਾਂ ਤੋਂ ਉੱਪਰ ਕੌਮੀ ਹਿੱਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ।’’
ਇਸ ਦੌਰਾਨ, ਪਾਰਟੀ ਨਾਲ ਅਪਣੇ ਸਬੰਧਾਂ ਦੇ ਬਾਵਜੂਦ, ਸ਼ਸ਼ੀ ਥਰੂਰ ਨਵੀਂ ਦਿੱਲੀ ਦੇ ਇੰਦਰਾ ਭਵਨ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਮੁੱਖ ਦਫ਼ਤਰ ਵਿਖੇ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਦੀ ਬੈਠਕ ਵਿਚ ਸ਼ਾਮਲ ਹੋਏ।
ਹਾਲ ਹੀ ’ਚ, ਥਰੂਰ ਨੇ ਕਾਂਗਰਸ ਦੀਆਂ ਮੀਟਿੰਗਾਂ ਵਿਚ ਹਿੱਸਾ ਨਾ ਲੈਣ ਅਤੇ ਰਾਮਨਾਥ ਗੋਇਨਕਾ ਲੈਕਚਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੀ ਪ੍ਰਸ਼ੰਸਾ ਕਰਨ ਲਈ ਸੁਰਖੀਆਂ ਬਟੋਰੀਆਂ ਸਨ। ਉਹ ਵਿਦੇਸ਼ ਵਿਚ ਰੁਝੇਵਿਆਂ ਕਾਰਨ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਦੀ ‘ਵੋਟ ਚੋਰ ਗੱਡੀ ਛੋੜ’ ਰੈਲੀ ਵਿਚ ਵੀ ਸ਼ਾਮਲ ਨਹੀਂ ਹੋਏ ਸਨ। ਥਰੂਰ ਲੋਕ ਸਭਾ ਵਿਰੋਧੀ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਵੀ ਖੁੰਝ ਗਏ।