ਮਮਤਾ ਬੈਨਰਜੀ ਕਾਂਗਰਸ ਤੋਂ ਬਿਨਾਂ, ਖੇਤਰੀ ਦਲਾਂ ਦਾ ਸੰਘੀ ਮੋਰਚਾ ਬਣਾਉਣ ਦੇ ਹੱਕ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਪਾਰਟੀਆਂ ਦੇ ਆਗੂਆਂ ਨਾਲ ਵਿਚਾਰਾਂ

Mamta Banerjee

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਇਕਜੁਟ ਕਰਨ ਵਿਚ ਲੱਗੀ ਹੋਈ ਮਮਤਾ ਬੈਨਰਜੀ ਨੇ ਦਿੱਲੀ ਵਿਚ ਅੱਜ ਦਰਜਨਾਂ ਆਗੂਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ, ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖ਼ਰ ਦੀ ਧੀ ਕੇ ਕਵਿਤਾ ਅਤੇ ਲਾਲੂ ਯਾਦਵ ਦੀ ਧੀ ਮੀਸਾ ਭਾਰਤੀ ਸ਼ਾਮਲ ਸਨ। ਮਮਤਾ ਬੈਨਰਜੀ ਨੇ ਭਾਜਪਾ ਨੂੰ ਹਰਾਉਣ ਲਈ ਅੱਜ ਕਾਂਗਰਸ ਤੋਂ ਬਿਨਾਂ, ਖੇਤਰੀ ਦਲਾਂ ਦਾ ਸੰਘੀ ਮੋਰਚਾ ਬਣਾਉਣ ਦੀ ਵਕਾਲਤ ਕੀਤੀ ਤਾਕਿ ਰਾਜਾਂ ਵਿਚ ਸਿੱਧਾ ਮੁਕਾਬਲਾ ਹੋ ਸਕੇ। ਮਮਤਾ ਬੈਨਰਜੀ ਨੇ ਜਿਥੇ ਅੱਜ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ, ਉਥੇ ਉਹ ਕਾਂਗਰਸ ਪ੍ਰਧਾਨ ਨੂੰ ਨਾ ਮਿਲੀ। ਉਧਰ, ਕਾਂਗਰਸ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਮੁਲਾਕਾਤ ਨਹੀਂ ਹੋ ਸਕੀ।  ਉਨ੍ਹਾਂ ਸੰਸਦ ਭਵਨ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ।

ਬੈਠਕਾਂ ਦਾ ਦੌਰ ਖ਼ਤਮ ਹੋਣ ਪਿੱਛੋਂ ਮਮਤਾ ਨੇ ਕਿਹਾ ਕਿ ਮਾਇਆਵਤੀ-ਅਖਿਲੇਸ਼ ਯਾਦਵ ਵਾਲਾ ਨਮੂਨਾ ਕਈ ਹੋਰ ਰਾਜਾਂ ਵਿਚ ਵੀ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਮਿਸਾਲਾਂ ਦਿੰਦਿਆਂ ਦਸਿਆ ਕਿ ਜਿਵੇਂ ਤੇਗਲੂ ਦੇਸਮ ਪਾਰਟੀ ਆਂਧਰਾ ਵਿਚ ਸੱਭ ਤੋਂ ਮਜ਼ਬੂਤ ਹੈ, ਤਮਿਲਨਾਡੂ ਵਿਚ ਡੀਐਮਕੇ ਹੈ, ਤੇਲੰਗਾਨਾ ਵਿਚ ਤੇਲੰਗਾਨਾ ਸਮਿਤੀ ਹੈ, ਬਿਹਾਰ ਵਿਚ ਆਰਜੇਡੀ ਹੈ ਅਤੇ ਉੜੀਸਾ ਵਿਚ ਬੀਜੇਡੀ ਹੈ। ਉਨ੍ਹਾਂ ਭਾਜਪਾ ਨੂੰ ਦੇਸ਼ ਦੀ ਸੱਭ ਤੋਂ ਵੱਡੀ ਫ਼ਿਰਕੂ ਪਾਰਟੀ ਦਸਿਆ। ਇਹ ਪੁੱਛੇ ਜਾਣ 'ਤੇ ਕਿ ਦੂਜੇ ਆਗੂ ਉਨ੍ਹਾਂ ਨਾਲ ਸਹਿਮਤ ਹਨ ਤਾਂ ਉਨ੍ਹਾਂ ਕਿਹਾ ਕਿ ਹਰ ਕੋਈ ਸਹਿਮਤ ਹੈ ਕਿ ਭਾਜਪਾ ਵਿਰੋਧੀ ਵੋਟਾਂ ਦੀ ਵੰਡ ਘਟਾਉਣ ਲਈ ਵਿਰੋਧੀ ਧਿਰ ਨੂੰ ਇੰਜ ਹੀ ਅੱਗੇ ਵਧਣਾ ਚਾਹੀਦਾ ਹੈ। (ਏਜੰਸੀ)