Sunil Jakhar News: ਜਿਹੜੇ 5 ਹਜ਼ਾਰ ਰੁਪਏ ਪਿੱਛੇ ਡੁੱਲਦੇ ਫਿਰਦੇ ਸੀ, ਉਨ੍ਹਾਂ ਨੂੰ 25 ਕਰੋੜ ਰੁਪਏ ਕੌਣ ਦੇਵੇਗਾ?: ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

AAP ਵਿਧਾਇਕਾਂ ਦੇ ਇਲਜ਼ਾਮਾਂ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਤੰਜ਼

Sunil Jakhar

Sunil Jakhar News:  ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਾ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੂਬੇ ਵਿਚ ਇਕੱਲਿਆਂ ਹੀ ਚੋਣਾਂ ਲੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਦੇ ਚਲਦਿਆਂ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫਤਰ ਵਿਖੇ ਪਾਰਟੀ ਦੇ ਕੋਰ ਗਰੁੱਪ ਦੀ ਮੀਟਿੰਗ ਹੋਈ ਹੈ। ਜਿਥੇ ਮੀਟਿੰਗ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ ਮੌਜੂਦ ਰਹੇ ਤਾਂ ਇਸ ਦੇ ਨਾਲ ਹੀ ਪਾਰਟੀ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ ਸਮੇਤ ਕਈ ਵੱਡੇ ਆਗੂ ਮੌਜੂਦ ਰਹੇ।

ਇਸ ਦੌਰਾਨ ਕਈ ਲੋਕਾਂ ਨੇ ਭਾਜਪਾ ਦਾ ਪੱਲਾ ਵੀ ਫੜਿਆ। ਮੀਟਿੰਗ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬੀਤੇ ਦਿਨ ਭਾਜਪਾ ਵਿਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਵਿਚ ਮੌਜੂਦ ਸਨ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਲਗਾਏ ਇਲਜ਼ਾਮਾਂ ’ਤੇ ਜਾਖੜ ਨੇ ਕਿਹਾ, “ਜਿਹੜੇ 5 ਹਜ਼ਾਰ ਰੁਪਏ ਪਿੱਛੇ ਡੁੱਲਦੇ ਫਿਰਦੇ ਸੀ, ਉਨ੍ਹਾਂ ਨੂੰ 25 ਕਰੋੜ ਰੁਪਏ ਕੌਣ ਦੇਵੇਗਾ? ਜੋ ਮਾਲ ਬਾਜ਼ਾਰ 'ਚ 5000 ਜਾਂ 25000 ਰੁਪਏ 'ਚ ਵਿਕਦਾ ਹੋਵੇ, ਉਸ ਨੂੰ 25 ਕਰੋੜ ਦੇਣ ਦੀ ਕੀ ਲੋੜ ਹੈ?”

ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਜੇ ਕਾਂਗਰਸ ਦਾ ਪ੍ਰਧਾਨ ਅਪਣੇ ਪਾਰਟੀ ਆਗੂਆਂ ਨੂੰ ‘ਬੱਕਰੀਆਂ’ ਦੱਸੇਗਾ ਤਾਂ ਉਹ ਸ਼ੇਰ ਵਾਂਗ ਗਰਜ ਕੇ ਜ਼ਰੂਰ ਦਿਖਾਉਣਗੇ।

ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਖੁਸ਼ੀਆਂ ਦਾ ਦਿਨ ਹੈ। ਜਿਥੇ ਪੰਜਾਬ ਭਾਜਪਾ ਦੇ ਪਰਿਵਾਰ ਵਿਚ ਵਾਧਾ ਹੋਇਆ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਲਕਸ਼ਮੀ ਆਉਣ ’ਤੇ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹੁਣ ਖੁਦਮੁਖਤਿਆਰ ਹੋ ਗਿਆ। ਜਿਨ੍ਹਾਂ ਦੇ ਹੱਥ ਵਿਚ ਉਨ੍ਹਾਂ ਦੀ ਲਗਾਮ ਸੀ, ਉਹ ਅੱਜ ਸਲਾਖਾਂ ਪਿਛੇ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਦਿਨ ਕੇਜਰੀਵਾਲ ਦੀ ਗ੍ਰਿਫ਼ਤਾਰੀ ਹੋਈ, ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਰੱਜ ਕੇ ਖੁਸ਼ੀਆਂ ਮਨਾਈਆਂ ਗਈਆਂ। ਅੱਜ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ।

ਸੁਨੀਲ ਜਾਖੜ ਨੇ ਬੀਤੇ ਦਿਨ ਸ਼ੀਤਲ ਅੰਗੂਰਾਲ ਤੇ ‘ਆਪ’ ਦੇ ਹੀ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਜੁਆਇੰਨ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਘਰ 'ਤੇ ਕੀਤੇ ਹਮਲਿਆਂ ਦੀ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਜਲੰਧਰ ਵਿਚ ਸ਼ਰੇਆਮ ਗੁੰਡਾਗਰਦੀ ਹੋਈ, ਇਸ ਦੀ ਅਸੀਂ ਚੋਣ ਕਮਿਸ਼ਨ ਪੰਜਾਬ ਤੋਂ ਜਾਂਚ ਕਰਾਵਾਂਗੇ।

 (For more Punjabi news apart from Sunil Jakhar statement on aap mla allegations, stay tuned to Rozana Spokesman)