Punjab Politics: ਪੰਜਾਬ ਦੀਆਂ ਸਿਆਸੀ ਧਿਰਾਂ ਲੋਕ ਸਭਾ ਚੋਣਾਂ ਦੇ ਚਿੰਤਨ ਤੋਂ ਬਾਅਦ ‘ਚਿੰਤਾ’ ’ਚ ਉਲਝੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਲੋਕ ਸਭਾ ਚੋਣਾਂ ਤੋਂ ਵਿਹਲੇ ਹੁੰਦਿਆਂ ਜ਼ਿਮਨੀ ਚੋਣਾਂ ਦੀ ਰਣਨੀਤੀ ’ਚ ਰੁੱਝੇ ਪੰਜਾਬ ਦੇ ਲੀਡਰ 

File Photo

Punjab Politics: ਜਗਰਾਉਂ (ਜੋਗਿੰਦਰ ਸਿੰਘ) : ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਹਾਲ ਹੀ ’ਚ ਆਏ ਨਤੀਜੀਆਂ ਨੇ ਰਾਜ ਦੀਆਂ ਸਿਆਸੀ ਧਿਰਾਂ ਨੂੰ ਭਵਿੱਖ ਦੀ ਚਿੰਤਾ ’ਚ ਉਲਝਾ ਦਿਤਾ। ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਅਜੇ ਚੋਣਾਂ ਜਿੱਤਣ ਦੀ ਬਜਾਏ ਲੰਘੀਆਂ ਚੋਣਾਂ ’ਚ ਅਪਣੀ ਹੋਂਦ ਬਚਾਉਣ ਦੀ ਲੜਾਈ ਲੜਦਾ ਹੀ ਨਜ਼ਰ ਆ ਰਿਹਾ ਸੀ ਤੇ ਭਾਜਪਾ ਵੀ ਲੰਮੇ ਸਮੇਂ ਬਾਅਦ ਪੰਜਾਬ ’ਚ ਪਹਿਲੀ ਵਾਰ ਇਕੱਲਿਆਂ ਚੋਣ ਲੜਨ ਦੌਰਾਨ ਅਪਣਾ ਵੋਟ ਬੈਂਕ ਉੱਚਾ ਚੁੱਕਣ ਤੇ ਅਗਲੀਆਂ ਚੋਣਾਂ ਤੋਂ ਪਹਿਲਾਂ ਇਥੇ ਅਪਣੀ ਮੋਰਚਾਬੰਦੀ ਨੂੰ ਸਫ਼ਲ ਬਣਾਉਣ ਦੀ ਲੜਾਈ ਲੜ ਰਹੀ ਸੀ, ਜਿਸ ਵਿਚ ਉਹ ਸਫ਼ਲ ਵੀ ਹੁੰਦੀ ਨਜ਼ਰ ਆਈ ਹੈ।

ਅੱਗੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਸ ਦਾ ਵੋਟ ਬੈਂਕ ਦੋ ਸਾਲਾਂ ਬਾਅਦ ਹੀ 44 ਫ਼ੀ ਸਦੀ ਤੋਂ ਘੱਟ ਕੇ 26 ਫ਼ੀ ਸਦੀ ਰਹਿਣ ਤੋਂ ਬਾਅਦ ਚਿੰਤਾ ’ਚ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਦੀ ਬਿਊਰੋਕਰੇਸੀ ਨੂੰ ਚੁਸਤ-ਦਰੁਸਤ ਕਰਦੇ ਨਜ਼ਰ ਆ ਰਹੇ  ਹਨ ਤੇ ਖ਼ਾਸ ਕਰ ਮਾਲਵੇ ’ਚ ਜਿਥੇ ਪਾਰਟੀ ਬੁਰੀ ਤਰਾਂ ਪਛੜੀ ਹੈ, ਉਥੇ ਮੁੱਖ ਮੰਤਰੀ ਵਲੋਂ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਤੇ ਵਿਧਾਇਕਾਂ ਨਾਲ ਮੀਟਿੰਗਾਂ ਕਰ ਕੇ, ਇਸ ਪਿੱਛੇ ਕਾਰਨ ਘੋਖਣ ਤੋਂ ਬਾਅਦ ਹਾਰ ਦਾ ਕਾਰਨ ਬਣੇ ਨਸ਼ਿਆਂ ਤੇ ਭ੍ਰਿਸ਼ਟਾਚਾਰ ’ਤੇ ਵੀ ਨਕੇਲ ਕਸ ਦਿਤੀ ਹੈ। 

ਭਵਿੱਖ ਦੀ ਰਣਨੀਤੀ ਭਾਵ 2024 ਦੇ ਨਾਲ 2027 ਦਾ ਮਿਸ਼ਨ ਲੈ ਕੇ ਲੜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ, ਜਿਸ ਵਲੋਂ ਦੂਸਰੀਆਂ ਪਾਰਟੀਆਂ ਵਾਂਗ ਮੰਥਨ ਜਾਂ ਚਿੰਤਨ ਤਾਂ ਨਹੀਂ ਕੀਤਾ, ਪਰ ਇਸ ਧਿਰ ਵਲੋਂ ਕਿਆਸੀ ਜਾ ਰਹੀ ਜਿੱਤ ਨਾ ਮਿਲਣ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ, ਖਾਸਕਰ ਪਾਰਟੀ ਆਗੂ ਪ੍ਰਗਟ ਸਿੰਘ ਤੇ ਕਾਂਗਰਸੀ ਆਗੂ ਆਸ਼ੂ ਵਲੋਂ ਪਾਰਟੀ ਦੀ ਜਿੱਤ ’ਤੇ ਸਵਾਲ ਉਠਾਉਂਦਿਆਂ ਕੀਤੀ ਚਿੰਤਨ ਦੀ ਮੰਗ ਨੇ ਜ਼ਰੂਰ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਜਵਾਬ ਦੇਣ ਲਈ ਮਜ਼ਬੂਰ ਕੀਤਾ ਸੀ ਤੇ ਜਿਸ ਤਰ੍ਹਾਂ ਇਹ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਪਣੇ ਆਪ ਨੂੰ 2027 ਦੇ ਮੁੱਖ ਮੰਤਰੀ ਦੌੜ ਦੀ ਟੀਮ ’ਚ ਸ਼ਾਮਲ ਆਗੂਆਂ ਦੇ ਕੈਪਟਨ ਵੇਖ ਕੇ ਤੁਰ ਰਹੇ ਸਨ

ਉਨ੍ਹਾਂ ਨੂੰ ਪਾਰਟੀ ਦੀ ਸਿਰਫ਼ 38 ਵਿਧਾਨ ਹਲਕਿਆਂ ’ਚ ਹੋਈ ਜਿੱਤ ਨੇ ਇਸ ਚਿੰਤਾ ’ਚ ਡੋਬ ਦਿਤਾ ਕਿ 2027 ਅਜੇ ਦੂਰ ਹੈ। ਲੋਕ ਸਭਾ ਚੋਣਾਂ ਦੇ ਨਾਲ ਹੀ ਜ਼ਿਮਨੀ ਚੋਣ ਲਈ ਖਾਲੀ ਹੋਏ ਜਲੰਧਰ ਪੱਛਮੀ ਹਲਕੇ, ਜਿਥੇ ਚੋਣ ਮੁਹਿੰਮ ਸਿਖਰ ’ਤੇ ਹੈ ਤੇ ਇਸ ਹਲਕੇ ’ਚ ਮੁੱਖ ਮੰਤਰੀ ਮਾਨ ਵਲੋਂ ਖੁਦ ਮੋਰਚਾ ਸੰਭਾਲਣ ਕਰ ਕੇ ਇਸ ਹਲਕੇ ’ਚ ਬਣੀ ਫਸਵੀਂ ਸਥਿਤੀ ਨੇ ਕਾਂਗਰਸ ਤੇ ਭਾਜਪਾ ਨੂੰ ਅੱਗੇ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿਤੀਆਂ। 

ਇਸ ਦੇ ਨਾਲ ਹੀ ਵੇਖੀਏ ਤਾਂ ਅਕਤੂਬਰ ਦੇ ਅਖੀਰ ਤਕ ਹਰਿਆਣਾ ਚੋਣਾਂ ਦੇ ਨਾਲ ਪੰਜਾਬ ਦੇ ਬਾਕੀ ਚਾਰ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਪਾਰਟੀਆਂ ਚਿੰਤਾ ਵਿਚ ਹਨ, ਕਿਉਂਕਿ ਜ਼ਿਮਨੀ ਚੋਣਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੀਆਂ ਸੈਮੀਫ਼ਾਈਨਲ ਚੋਣਾਂ ਵਜੋਂ ਵੀ ਵੇਖਿਆ ਜਾਂਦਾ। ਇਨ੍ਹਾਂ ਚੋਣਾਂ ’ਚ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵੀ ਹੁਣੇ ਤੋਂ ਪਾਰਟੀਆਂ ਆਪਾ ਫਰੋਲਣ ਲੱਗੀਆਂ।

ਅਕਾਲੀ ਦਲ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਮਜ਼ਬੂਤੀ ਵੀ ਵੱਡੀ ਚਿੰਤਾ ਬਣੀ ਹੋਈ ਹੈ ਤੇ ਪਾਰਟੀ ਅੰਦਰੂਨੀ ਧੜੇਬੰਦੀ ਨੇ ਵੀ ਅਕਾਲੀ ਲੀਡਰਸ਼ਿਪ ਨੂੰ ਚਿੰਤਾ ’ਚ ਡੋਬਿਆ ਹੋਇਆ। ਜ਼ਿਮਨੀ ਚੋਣਾਂ ਦੇ ਪੁਰਾਤਨ ਨਤੀਜਿਆਂ ’ਤੇ ਝਾਤ ਮਾਰੀਏ ਤਾਂ ਇਹ ਚੋਣਾਂ ਦੇ ਨਤੀਜੇ ਬਹੁਤੀ ਵਾਰ ਸੱਤਾਧਾਰੀ ਧਿਰ ਦੇ ਹੱਕ ’ਚ ਹੁੰਦੇ ਨੇ ਤੇ ਇਸ ਵਾਰ ਪੰਜ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਕੀ ਆਉਂਦੇ ਹਨ, ਉਹ ਸਮਾਂ ਦੱਸੇਗਾ, ਪਰ ਇਹ ਜ਼ਰੂਰ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ’ਚ ਕਿਸੇ ਵੀ ਧਿਰ ਨੂੰ ਕਿਆਸਿਆ ਸਮਰਥਨ ਨਾ ਮਿਲਣ ਤੇ ਨਾਲ ਹੀ ਆਈਆਂ ਜ਼ਿਮਨੀ ਚੋਣਾਂ ਨੇ ਪਾਰਟੀਆਂ ਦੀ ਲੀਡਰਸ਼ਿਪ ਦੀ ਹਾਲ ਦੀ ਘੜੀ ਚਿੰਤਾ ਜ਼ਰੂਰ ਵਧਾਈ ਹੋਈ ਹੈ।