ਆਮ ਆਦਮੀ ਪਾਰਟੀ ਦਾ ਖਹਿਰਾ ਗੁੱਟ ਦੋ ਹਿੱਸਿਆਂ 'ਚ ਵੰਡਿਆ ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੰਵਰ ਸੰਧੂ ਨੇ ਬਣਾਇਆ 'ਆਪ ਬਚਾਓ ਗੁੱਟ' 

Aam Aadmi Party Sukhpal Khaira group divide into two parts!

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਤੋਂ 6 ਅਗਸਤ ਤਕ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਵਿਧਾਨ ਸਭਾ 'ਚ ਕੋਈ ਮਜ਼ਬੂਤ ਵਿਰੋਧੀ ਧਿਰ ਨਾ ਹੋਣ ਕਰ ਕੇ ਕਾਂਗਰਸ ਪੂਰੀ ਤਰ੍ਹਾਂ ਬੇਫ਼ਿਕਰ ਹੈ। ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਮਾਨਸੂਨ ਸੈਸ਼ਨ ਦੌਰਾਨ 4 ਟੁਕੜਿਆਂ 'ਚ ਨਜ਼ਰ ਆਵੇਗੀ। ਆਮ ਆਦਮੀ ਪਾਰਟੀ ਦੇ ਨਾਲ 11 ਵਿਧਾਇਕ, 2 ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋਣ ਕਰਕੇ ਅਲੱਗ ਬੈਠਣਗੇ, ਪਰ ਆਮ ਆਦਮੀ ਪਾਰਟੀ ਦਾ ਖਹਿਰਾ ਗੁੱਟ ਹੁਣ 2 ਹਿੱਸਿਆਂ 'ਚ ਵੰਡਿਆ ਗਿਆ ਹੈ। ਸੁਖਪਾਲ ਖਹਿਰਾ ਦੇ ਖਾਸ ਕੰਵਰ ਸੰਧੂ ਨੇ ਸਾਫ਼ ਕਰ ਦਿਤਾ ਹੈ ਕਿ ਉਹ ਤੇ ਬਾਕੀ ਤਿੰਨ ਵਿਧਾਇਕ ਵੱਖਰੇ ਗੁੱਟ ਦੇ ਤਹਿਤ ਅਲੱਗ ਚੱਲਣਗੇ। ਇਸ ਗੁੱਟ ਨੂੰ 'ਆਪ ਬਚਾਓ ਗੁੱਟ' ਦਾ ਨਾਮ ਦਿਤਾ ਗਿਆ।

ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਖਹਿਰਾ ਵਲੋਂ ਅਲੱਗ ਪਾਰਟੀ ਬਣਾਉਣ ਦਾ ਵਿਰੋਧ ਕੀਤਾ ਸੀ। ਇਸੇ ਕਰ ਕੇ ਉਹ ਅਤੇ ਬਾਕੀ ਤਿੰਨ ਨਾਰਾਜ਼ ਵਿਧਾਇਕ ਹੁਣ ਆਪਣੇ-ਆਪਣੇ ਹਲਕੇ ਵਿਚ ਲੋਕਾਂ ਨਾਲ ਮਿਲਣਗੇ ਅਤੇ ਕੋਸ਼ਿਸ਼ ਕਰਨਗੇ ਕਿ ਪਾਰਟੀ ਨੂੰ ਇਕਜੁਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਾਰਟੀ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਸੀ ਤਾਂ ਇਹ ਤੈਅ ਹੋਇਆ ਸੀ ਕਿ ਕੋਈ ਵਖਰੀ ਧਿਰ ਖੜੀ ਕਰਨ ਦੀ ਥਾਂ ਆਮ ਆਦਮੀ ਪਾਰਟੀ ਨੂੰ ਇਕਜੁਟ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਸਾਲ 2017 ਵਿਚ ਆਮ ਆਦਮੀ ਪਾਰਟੀ ਨੇ 20 ਵਿਧਾਇਕਾਂ ਨਾਲ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਝਟਕੇ ਲਗਦੇ ਰਹੇ ਅਤੇ ਹੁਣ ਸਹੀ ਅਰਥਾਂ ਵਿਚ ਪਾਰਟੀ ਕੋਲ ਸਿਰਫ਼ 10 ਵਿਧਾਇਕ ਰਹਿ ਗਏ ਹਨ। ਉਂਝ ਆਮ ਆਦਮੀ ਪਾਰਟੀ ਨੂੰ ਇਹ ਰੁਤਬਾ ਵੀ ਕਾਂਗਰਸ ਦੀ ਹੀ ਬਦੌਲਤ ਮਿਲਿਆ ਹੋਇਆ ਹੈ ਕਿਉਂਕਿ ਸਪੀਕਰ ਨੇ ਨਾ ਤਾਂ ਕੁਝ 'ਆਪ' ਵਿਧਾਇਕਾਂ ਦਾ ਅਸਤੀਫ਼ਾ ਸਵੀਕਾਰ ਕੀਤਾ ਹੈ ਅਤੇ ਨਾ ਹੀ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ।