Uttarkashi News : 21 ਸਾਲਾਂ ਬਾਅਦ ਉੱਤਰਕਾਸ਼ੀ 'ਚ ਫਿਰ ਟੁੱਟਿਆ ਵਰੁਣਾਵਤਾ ਪਹਾੜ, ਮਲਬੇ 'ਚ ਦੱਬੇ ਵਾਹਨ
ਜ਼ਮੀਨ ਖਿਸਕਣ ਦੀ ਘਟਨਾ ਨੇ ਤਾਜ਼ਾ ਕੀਤੇ ਪੁਰਾਣੇ ਜ਼ਖਮ
Uttarkashi News : ਉੱਤਰਾਖੰਡ ਦੇ ਉੱਤਰਾਕਾਸ਼ੀ 'ਚ ਭਾਰੀ ਮੀਂਹ ਤੋਂ ਬਾਅਦ ਵਰੁਣਾਵਤ ਪਹਾੜ ਤੋਂ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਕਾਰਨ ਗੰਗੋਤਰੀ ਨੈਸ਼ਨਲ ਹਾਈਵੇਅ ਅਤੇ ਗੋਫੀਆਰਾ ਕਾਲੋਨੀ 'ਚ ਸੜਕਾਂ 'ਤੇ ਖੜ੍ਹੇ ਕਈ ਵਾਹਨ ਮਲਬੇ ਹੇਠਾਂ ਦੱਬ ਗਏ।
ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਤੋਂ ਬਾਅਦ ਮੰਗਲਵਾਰ ਰਾਤ ਕਰੀਬ 2.45 ਵਜੇ ਵਰੁਣਾਵਤ ਪਰਬਤ ਦੀ ਪਹਾੜੀ 'ਤੇ ਸਥਿਤ ਗੋਫੀਆਰਾ ਜਲ ਸੰਸਥਾਨ ਕਲੋਨੀ ਨੇੜੇ ਪਹਾੜੀ ਤੋਂ ਢਿੱਗਾਂ ਡਿੱਗ ਗਈਆਂ। ਇਸ ਦੌਰਾਨ ਪੱਥਰਾਂ ਸਮੇਤ ਵੱਡੀ ਮਾਤਰਾ 'ਚ ਮਲਬਾ ਡਿੱਗ ਗਿਆ, ਜਿਸ ਕਾਰਨ ਇਲਾਕੇ 'ਚ ਹੜਕੰਪ ਮਚ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਗੋਤਰੀ ਨੈਸ਼ਨਲ ਹਾਈਵੇਅ ਅਤੇ ਗੋਫੀਆਰਾ ਕਾਲੋਨੀ 'ਚ ਸੜਕਾਂ 'ਤੇ ਖੜ੍ਹੇ ਕਈ ਵਾਹਨ ਜ਼ਮੀਨ ਖਿਸਕਣ ਦੇ ਮਲਬੇ ਹੇਠ ਦੱਬ ਗਏ। ਮਲਬੇ ਹੇਠ ਦੱਬੇ ਜ਼ਿਆਦਾਤਰ ਵਾਹਨ ਸਥਾਨਕ ਲੋਕਾਂ ਦੇ ਹਨ।
ਸੂਚਨਾ ਮਿਲਦੇ ਹੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਮੇਹਰਬਾਨ ਸਿੰਘ ਬਿਸ਼ਟ ਨੇ ਦੱਸਿਆ ਕਿ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਦਰਜਨ ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਰਣਨੀਤੀ ਬਾਰੇ ਵੀ ਚਰਚਾ ਕੀਤੀ।
ਤਾਜ਼ਾ ਹੋਈਆਂ ਕੜਵੀਆ ਯਾਦਾਂ
ਵਰੁਣਾਵਤ ਪਹਾੜ ਤੋਂ ਜ਼ਮੀਨ ਖਿਸਕਣ ਨੇ 21 ਸਾਲਾਂ ਬਾਅਦ ਇੱਕ ਵਾਰ ਫਿਰ ਲੋਕਾਂ ਨੂੰ ਡਰਾਇਆ ਅਤੇ ਸਾਲ 2003 ਵਿੱਚ ਲਗਾਤਾਰ ਜ਼ਮੀਨ ਖਿਸਕਣ ਦੀਆਂ ਕੜਵੀਆ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਉਸ ਦੌਰਾਨ ਵਰੁਣਾਵਤ ਤੋਂ ਕਾਫੀ ਸਮੇਂ ਤੋਂ ਜ਼ਮੀਨ ਖਿਸਕਦੀ ਰਹੀ ਸੀ। ਉੱਤਰਕਾਸ਼ੀ ਸ਼ਹਿਰ ਵਰੁਣਾਵਤ ਪਰਬਤ ਦੀ ਪਹਾੜੀ 'ਤੇ ਸਥਿਤ ਹੈ ਅਤੇ ਇਸ ਪਹਾੜ ਦੇ ਟ੍ਰੀਟਮੈਂਟ ਲਈ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 250 ਕਰੋੜ ਰੁਪਏ ਤੋਂ ਵੱਧ ਦਾ ਪੈਕੇਜ ਦਿੱਤਾ ਸੀ। ਮੰਗਲਵਾਰ ਰਾਤ ਢਿੱਗਾਂ ਡਿੱਗਣ ਅਤੇ ਪੱਥਰ ਡਿੱਗਣ ਦੀ ਘਟਨਾ ਕਾਰਨ ਲੋਕ ਕਾਫੀ ਸਮੇਂ ਤੱਕ ਡਰੇ ਹੋਏ ਸਨ। ਤਾਜ਼ਾ ਜ਼ਮੀਨ ਖਿਸਕਣ ਨੇ ਵਰੁਣਾਵਤ ਪਹਾੜ 'ਤੇ ਕੀਤੇ ਗਏ ਟ੍ਰੀਟਮੈਂਟ ਦੇ ਕੰਮ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।