ਵਿਧਾਨਸਭਾ ਦੇ ਵਿਸ਼ੇਸ਼ ਇਜ਼ਲਾਸ ਦੇ ਬਰਾਬਰ ਭਾਜਪਾ ਵਲੋਂ ਚੰਡੀਗੜ੍ਹ ‘ਚ ਲਗਾਈ ਜਾਵੇਗੀ “ਲੋਕਾਂ ਦੀ ਵਿਧਾਨ ਸਭਾ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਜਨਤਾ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੱਦੀ ਗਈ "ਲੋਕਾਂ ਦੀ ਵਿਧਾਨਸਭਾ - ਅਸ਼ਵਨੀ ਸ਼ਰਮਾ

BJP to hold 'People's Assembly' in Chandigarh on par with special sessions of Vidhan Sabha

ਚੰਡੀਗੜ੍ਹ: ਪੰਜਾਬ ਵਿੱਚ ਸਰਕਾਰ ਦੇ ਰਵੱਈਏ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਨੇ ਸਿੱਧਾ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਸੰਦਰਭ ਵਿੱਚ ਭਾਜਪਾ ਵੱਲੋਂ 29 ਸਤੰਬਰ, ਸੋਮਵਾਰ, ਸਵੇਰੇ 11 ਵਜੇ ਚੰਡੀਗੜ੍ਹ ਦੇ ਸੈਕਟਰ 37 ਵਿਖੇ ਪਾਰਟੀ ਦੇ ਮੁੱਖ ਦਫ਼ਤਰ ਦੇ ਨਾਲ “ਲੋਕਾਂ ਦੀ ਵਿਧਾਨ ਸਭਾ” ਬੁਲਾਈ ਜਾ ਰਹੀ ਹੈ। ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਜਦੋਂ ਵਿਧਾਨ ਸਭਾ ਦੀ ਮਾਨ-ਮਰਯਾਦਾ ਦਾ ਘਾਣ ਹੋ ਜਾਵੇ, ਸਪੀਕਰ ਆਪਣਾ ਸੰਵਿਧਾਨਕ ਫ਼ਰਜ਼ ਭੁੱਲ ਜਾਵੇ, ਹਾਕਮ ਧਿਰ ਲੋਕਾਂ ਦੀਆਂ ਆਵਾਜ਼ਾਂ ਦਾ ਮਖੌਲ ਬਣਾਉਣ ਲੱਗ ਪਏ ਅਤੇ ਸਰਕਾਰ ਲੋਕਾਂ ਦੇ ਜ਼ਖਮਾਂ ‘ਤੇ ਮਲ੍ਹਮ ਦੀ ਥਾਂ ਲੂਣ ਛਿੜਕਣ ਲੱਗ ਜਾਵੇ, ਤਾਂ ਲੋਕਾਂ ਦੀ ਆਪਣੀ ਵਿਧਾਨ ਸਭਾ ਬੁਲਾਉਣਾ ਲਾਜ਼ਮੀ ਬਣ ਜਾਂਦਾ ਹੈ।

ਚਰਚਾ ਦੇ ਮੁੱਖ ਮੁੱਦੇ

ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਵਿਧਾਨ ਸਭਾ ਵਿੱਚ ਪੰਜਾਬ ਦੀ ਜਨਤਾ ਨਾਲ ਹੋ ਰਹੇ ਧੋਖੇ, ਜ਼ਿਆਦਤੀਆਂ ਅਤੇ ਨੁਕਸਾਨਾਂ ਬਾਰੇ ਖੁੱਲ੍ਹੀ ਚਰਚਾ ਕੀਤੀ ਜਾਵੇਗੀ। ਖ਼ਾਸ ਤੌਰ ‘ਤੇ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਬੇਹਾਲ ਹਾਲਤ ਅਤੇ ਮੁਆਵਜ਼ੇ ਦੀ ਥਾਂ ਕੀਤੀ ਜਾ ਰਹੀ ਲੁੱਟ-ਖਸੂਟ, CAG ਰਿਪੋਰਟ ਦੇ ਖੁਲਾਸੇ ਅਤੇ ਰਾਜ ਦੇ ਪੈਸਿਆਂ ਦੇ ਗਲਤ ਇਸਤੇਮਾਲ ਦਾ ਹਿਸਾਬ, ਲੋਕਾਂ ਦੇ ਹੱਕਾਂ ਦੀ ਉਲੰਘਣਾ ਤੇ ਸਰਕਾਰੀ ਬੇਰੁਖ਼ੀ ਬਾਰੇ ਖੁੱਲੀ ਚਰਚਾ ਕੀਤੀ ਜਾਵੇਗੀ।  

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਇਕੱਠ ਦਾ ਮਕਸਦ ਸਰਕਾਰ ਨੂੰ ਜਵਾਬਦੇਹ ਬਣਾਉਣਾ ਹੈ ਅਤੇ ਜਨਤਾ ਸਾਹਮਣੇ ਇਹ ਤੈਅ ਕਰਨਾ ਹੈ ਕਿ ਪੰਜਾਬ ਦੀ ਮੌਜੂਦਾ ਹਾਲਤ ਦਾ ਅਸਲੀ ਦੋਸ਼ੀ ਕੌਣ ਹੈ।

ਭਾਜਪਾ ਵੱਲੋਂ ਬੁਲਾਈ ਗਈ ਇਸ ਵਿਧਾਨਸਭਾ ਦੌਰਾਨ ਪਾਰਟੀ ਦੇ ਪੰਜਾਬ ਨਾਲ ਸਬੰਧਤ ਸਾਰੇ ਸਾਬਕਾ ਮੰਤਰੀ, ਮੌਜੂਦਾ ਤੇ ਸਾਬਕਾ ਵਿਧਾਇਕ, ਸਾਬਕਾ ਸੂਬਾ ਪ੍ਰਧਾਨ, ਸਾਬਕਾ ਸੰਸਦ ਮੈਂਬਰ, ਸੂਬਾ ਕੋਰ ਕਮੇਟੀ ਮੈਂਬਰ, ਸੂਬਾ ਅਹੁਦੇਦਾਰ ਅਤੇ ਜਿਲ੍ਹਾ ਪ੍ਰਧਾਨ ਆਦਿ ਹਿੱਸਾ ਲੈਣਗੇ।