ਪੰਜਾਬ ਦੇ ਪਰਾਲੀ ਪ੍ਰਬੰਧਨ ਦੇ ਪ੍ਰਯੋਗ ਨੂੰ ਪੂਰੇ ਦੇਸ਼ ’ਚ ਲਿਜਾਣ ਲਈ ਆਇਆ ਹਾਂ : ਸ਼ਿਵਰਾਜ ਚੌਹਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੰਜਾਬ ਗਿਆਨ ਦਾ ਕੇਂਦਰ, ਇਥੇ ਆ ਕੇ ਸਿੱਖਣ ਦਾ ਮਨ ਕਰਦਾ ਹੈ

Shivraj Chauhan Punjab visit News

ਮੋਗਾ/ਜਲੰਧਰ (ਗਰੋਵਰ, ਸਿੱਧੂ) : ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਇਕ ਦਿਨ ਦੇ ਦੌਰੇ ਦੌਰਾਨ ਮੋਗਾ ਦੇ ਰਣਸਿੰਘ ਕਲਾਂ ਪਿੰਡ ਦੇ ਕਿਸਾਨਾਂ, ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਿਛਲੇ ਛੇ ਸਾਲਾਂ ਤੋਂ ਪਰਾਲੀ ਨਾ ਸਾੜਨ ਅਤੇ ਇਸਦਾ ਸਹੀ ਪ੍ਰਬੰਧਨ ਕਰਨ ਵਿਚ ਉਨ੍ਹਾਂ ਦੀ ਬੇਮਿਸਾਲ ਪ੍ਰਾਪਤੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿਤੀ। ਕੇਂਦਰੀ ਮੰਤਰੀ ਨੇ ਦਸਿਆ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਚਿੰਤਤ ਕੀਤਾ ਸੀ। ਪਰਾਲੀ ਸਾੜਨ ਨਾਲ ਖੇਤ ਸਾਫ਼ ਤਾਂ ਹੋ ਜਾਂਦਾ ਸੀ ਪਰ ਹੀ ਇਸ ਨਾਲ ਮਿੱਤਰ ਕੀੜੇ ਵੀ ਸੜ ਜਾਂਦੇ ਸਨ। ਨਾਲ ਹੀ, ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵੀ ਫੈਲਦਾ ਸੀ। 

ਕੇਂਦਰੀ ਮੰਤਰੀ ਨੇ ਕਿਹਾ, ‘‘ਮੈਂ  ਪੰਜਾਬ ਨੂੰ ਵਧਾਈ ਦੇਣ ਆਇਆ ਹਾਂ। ਮੈਂ ਪੰਜਾਬ ਦੇ ਪਰਾਲੀ ਪ੍ਰਬੰਧਨ ਅਭਿਆਸ ਨੂੰ ਪੂਰੇ ਦੇਸ਼ ਵਿਚ ਲੈ ਜਾਣ ਆਇਆ ਹਾਂ। ਇਸ ਸਾਲ, ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 83 ਪ੍ਰਤੀਸ਼ਤ ਦੀ ਕਮੀ ਆਈ ਹੈ। ਜਿਥੇ ਲਗਭਗ 83,000 ਪਰਾਲੀ ਸਾੜਨ ਦੀਆਂ ਘਟਨਾਵਾਂ ਹੁੰਦੀਆਂ ਸਨ ਉਹ ਹੁਣ ਘੱਟ ਕੇ ਲਗਭਗ 5,000 ਰਹਿ ਗਈਆਂ ਹਨ।’’ ਜੇਕਰ ਪੰਜਾਬ ਵਾਲਾ ਤਜਰਬਾ ਸਾਰੇ ਦੇਸ਼ ਵਿਚ ਲਾਗੂ ਹੋ ਜਾਂਦਾ ਹੈ ਤਾਂ ਪ੍ਰਦੂਸ਼ਣ ਦਾ ਖ਼ਾਤਮਾ ਬਹੁਤ ਜਲਦੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ, ‘‘ਕਿਸਾਨ ਪੁੱਛਦੇ ਹਨ, ‘ਪਰਾਲੀ ਨਾ ਸਾੜੀਏ ਤਾਂ ਇਸ ਦੇ ਵਿਕਲਪ ਕੀ ਹਨ?’ ਅਸੀਂ ਕਣਕ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਖੇਤਾਂ ਨੂੰ ਕਿਵੇਂ ਸਾਫ਼ ਕਰ ਸਕਦੇ ਹਾਂ?’

ਇਨ੍ਹਾਂ ਸਵਾਲਾਂ ਦੇ ਹੱਲ ਲਈ ਰਣਸਿੰਘ ਕਲਾਂ ਪਿੰਡ ਵਿਚ ਪ੍ਰਯੋਗ ਕੀਤੇ ਗਏ ਹਨ। ਰਣਸਿੰਘ ਕਲਾਂ ਪਿੰਡ ਨੇ ਇਕ ਉਦਾਹਰਣ ਕਾਇਮ ਕੀਤੀ ਹੈ। ਪਿਛਲੇ ਛੇ ਸਾਲਾਂ ਤੋਂ ਇੱਥੇ ਪਰਾਲੀ ਨਹੀਂ ਸਾੜੀ ਗਈ ਹੈ। ਇੱਥੇ, ਕਿਸਾਨ ਸਿੱਧੇ ਖੇਤਾਂ ਵਿਚ ਪਰਾਲੀ ਮਿਲਾਉਂਦੇ ਹਨ ਅਤੇ ਸਿੱਧੀ ਬਿਜਾਈ ਦਾ ਅਭਿਆਸ ਕਰਦੇ ਹਨ।’’ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਗਿਆਨ ਦੇ ਕੇਂਦਰ ਵਾਂਗ ਹੈ। ਉਨ੍ਹਾਂ ਨੂੰ ਇੱਥੇ ਵਾਰ-ਵਾਰ ਆ ਕੇ ਸਿੱਖਣ ਦਾ ਮਨ ਕਰਦਾ ਹੈ। ਪੰਜਾਬ ਨੇ ਦੇਸ਼ ਨੂੰ ਖੇਤੀਬਾੜੀ ਵਿਚ ਬਹੁਤ ਕੁਝ ਸਿਖਾਇਆ ਹੈ। ਉਹ ਪੰਜਾਬ ਵਿਚ ਆ ਕੇ ਖੁਸ਼ ਹਨ। ਇਸ ਦੌਰਾਨ ਕੇਂਦਰੀ ਮੰਤਰੀ ਚੌਹਾਨ ਨੇ ਪਿੰਡ ਵਿਖੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਸਵਾਦ ਵੀ ਚੱਖਿਆ। 

ਇਸ ਤੋਂ ਇਲਾਵਾ ਚੌਹਾਨ ਨੇ ਪੰਜਾਬ ਵਿਚ ਮਨਰੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮਾਂ ਵਿਚ ਕੀਤੇ ਗਏ ਬਦਲਾਵਾਂ ਦੀ ਸਮੀਖਿਆ ਕੀਤੀ। ਜਲੰਧਰ ਡੀਸੀ ਦਫ਼ਤਰ ਵਿਖੇ ਇਕ ਮੀਟਿੰਗ ਦੌਰਾਨ, ਉਨ੍ਹਾਂ ਨੇ ਨੋਟ ਕੀਤਾ ਕਿ ਪੰਜਾਬ ਨੂੰ 842 ਕਰੋੜ ਰੁਪਏ ਜਾਰੀ ਕਰਨ ਦੇ ਬਾਵਜੂਦ, ਮਜ਼ਦੂਰਾਂ ਨੂੰ ਅਜੇ ਵੀ ਕੰਮ ਨਹੀਂ ਮਿਲ ਰਿਹਾ ਹੈ। ਕੇਂਦਰੀ ਮੰਤਰੀ ਨੇ ਕੱਚੇ ਘਰਾਂ ਨੂੰ ਪੱਕੇ ਘਰਾਂ ਵਿਚ ਬਦਲਣ ਲਈ ਸੂਚੀ ਵਿਚ ਅੰਤਰ, ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਵੀ ਚਰਚਾ ਕੀਤੀ।