ਹਰਭਜਨ ਸਿੰਘ ਨੱਢਾ ਨੂੰ ਸ਼ਰਧਾ ਦੇ ਫੁੱਲ ਭੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਤੇ ਸੇਵਾਮੁਕਤ ਡੀ.ਜੀ.ਐਮ. ਸਵਰਗੀ ਸ. ਹਰਭਜਨ ਸਿੰਘ ਨੱਢਾ, ਜਿਹੜੇ ਪਿਛਲੇ ਮਹੀਨੇ 28 ਜੁਲਾਈ ਨੂੰ ਸੰਸਾਰਕ ਯਾਤਰਾ ਪੂਰੀ ਕਰ..

Harbhajan Singh Nadda

ਚੰਡੀਗੜ੍ਹ, 5 ਅਗੱਸਤ (ਸਰਬਜੀਤ ਢਿੱਲੋਂ) : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਤੇ ਸੇਵਾਮੁਕਤ ਡੀ.ਜੀ.ਐਮ. ਸਵਰਗੀ ਸ. ਹਰਭਜਨ ਸਿੰਘ ਨੱਢਾ, ਜਿਹੜੇ ਪਿਛਲੇ ਮਹੀਨੇ 28 ਜੁਲਾਈ ਨੂੰ ਸੰਸਾਰਕ ਯਾਤਰਾ ਪੂਰੀ ਕਰ ਕੇ ਅਕਾਲ ਚਲਾਣਾ ਕਰ ਗਏ ਸਨ, ਦੇ ਅੱਜ ਨਮਿਤ ਭੋਗ ਅਤੇ ਅੰਤਮ ਅਰਦਾਸ ਸੈਕਟਰ-8 ਦੇ ਗੁਰਦਵਾਰਾ ਸਾਹਿਬ ਵਿਖੇ ਹੋਈ।
ਇਸ ਸਮਾਗਮ ਵਿਚ ਉਨ੍ਹਾਂ ਦੇ ਪਰਵਾਰਕ ਮੈਂਬਰ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵਿਚ ਹਿੱਸਾ ਲਿਆ। ਇਸ ਮੌਕੇ ਰਾਗੀ ਸਿੰਘਾਂ ਨੇ ਵਿਰਾਗਮਈ ਕੀਰਤਨ ਕੀਤਾ। ਸ. ਹਰਭਜਨ ਸਿੰਘ ਨੱਢਾ ਨੇ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਮਗਰੋਂ ਇੰਦਰਜੀਤ ਸਿੰਘ ਵਲੋਂ ਬਣਾਏ ਪੰਜਾਬ ਅਤੇ ਸਿੰਧ ਬੈਂਕ ਵਿਚ ਵੱਖ-ਵੱਖ ਅਹੁਦਿਆਂ 'ਤੇ ਲੰਮਾ ਸਮਾਂ ਸੇਵਾ ਕਰਦਿਆਂ ਡੀਜੀਐਮ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ।
ਸੂਤਰਾਂ ਮੁਤਾਬਕ ਸ. ਨੱਢਾ ਤੰਦਰੁਸਤ ਜ਼ਿੰਦਗੀ ਬਤੀਤ ਕਰ ਰਹੇ ਸਨ ਪਰ 28 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਮਗਰੋਂ ਘਰ ਵਿਚ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਸ. ਨੱਢਾ ਸਮਾਜ ਵਿਚ ਇਕ ਨਾਮਵਰ ਤੇ ਮਿਲਨਸਾਰ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ। ਸ. ਨੱਢਾ ਦੀ ਇਕ ਬੇਟੀ ਰਵਿੰਦਰ ਕੌਰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦੇ ਸਪੁੱਤਰ ਅਤੇ ਸਮਾਣਾ ਤੋਂ ਕਾਂਗਰਸੀ ਵਿਧਾਇਕ ਰਜਿੰਦਰ ਸਿੰਘ ਐਮਐਲਏ ਨਾਲ ਵਿਆਹੀ ਹੋਈ ਹੈ ਜਦਕਿ ਦੂਜੀ ਬੇਟੀ ਬਲਵਿੰਦਰ ਕੌਰ ਡਾ. ਉਪਿੰਦਰ ਕੌਰ ਅਤੇ ਸਾਬਕਾ ਅਕਾਲੀ ਮੰਤਰੀ ਦੇ ਘਰ ਉਨ੍ਹਾਂ ਦੇ ਬੇਟੇ ਨਾਲ ਵਿਆਹੀ ਹੋਈ ਹੈ। ਉਨ੍ਹਾਂ ਦੇ ਪੁੱਤਰ ਤਰਨਬੀਰ ਸਿੰਘ ਨੱਢਾ ਗਰੈਜ਼ਿਟੀ ਇੰਡੀਆ ਦੇ ਸੀ.ਐਮ.ਓ. ਵਜੋਂ ਕੰਮ ਕਰਦੇ ਆ ਰਹੇ ਹਨ।
ਇਸ ਸਮਾਗਮ ਵਿਚ ਸਵਰਗੀ ਨੱਢਾ ਦੇ ਕੁੜਮ ਅਤੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਸ. ਲਾਲ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਸ. ਨੱਢਾ ਨੂੰ ਇਕ ਹਰਮਨਪਿਆਰੇ ਰਿਸ਼ਤੇਦਾਰ ਅਤੇ ਬਹੁਤ ਹੀ ਨੇਕ ਦਿਲ ਇਨਸਾਨ ਕਰਾਰ ਦਿੰਦਿਆਂ ਕਿਹਾ ਕਿ ਸ. ਨੱਢਾ ਨੇ ਹਜ਼ਾਰਾਂ ਲੋੜਵੰਦਾਂ ਦੀ ਬਤੌਰ ਬੈਂਕਰ ਹੁੰਦਿਆਂ ਖੁੱਲ ਕੇ ਉਨ੍ਹਾਂ ਦੇ ਪੈਰਾਂ 'ਤੇ ਖੜੇ ਹੋਣ 'ਚ ਹਮੇਸ਼ਾ ਨਾ ਭੁਲਣ ਵਾਲਾ ਯੋਗਦਾਨ ਦਿਤਾ। ਉਨ੍ਹਾਂ ਦੇ ਪ੍ਰੀਵਾਰਕ ਜੀਆਂ ਤੇ ਮਿੱਤਰ-ਸੁਨੇਹੀਆਂ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਲਈ ਪ੍ਰੇਰਨਾ ਦਿਤੀ। ਇਸ ਮੌਕੇ ਬੋਲਦਿਆਂ ਲਾਲ ਸਿੰਘ ਭਾਵੁਕ ਵੀ ਹੋ ਗਏ।
ਇਸ ਮੌਕੇ ਲਾਲ ਸਿੰਘ ਸਾਬਕਾ ਮੰਤਰੀ ਤੋਂ ਇਲਾਵਾ ਉਨ੍ਹਾਂ ਸ. ਨੱਢਾ ਦੀ ਕੁੜਮਈ ਅਤੇ ਸਾਬਕਾ ਕੈਬਨਿਟ ਵਜ਼ੀਰ ਡਾ. ਉਪੇਂਦਰਜੀਤ ਕੌਰ, ਜਵਾਈ ਰਜਿੰਦਰ ਸਿੰਘ ਹਲਕਾ ਸਮਾਣਾ, ਧੀ-ਜਵਾਈ ਬਲਵਿੰਦਰ ਕੌਰ ਤੇ ਜੁਝਾਰ ਸਿੰਘ, ਕੁੜਮ ਕਸ਼ਮੀਰ ਸਿੰਘ ਥਿੰਦ, ਤਰਨਬੀਰ ਸਿੰਘ, ਨੂੰਹ-ਪੁੱਤਰ ਡਾ. ਗੌਤਮਪ੍ਰੀਤ ਕੌਰ, ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਪੋਕਸਮੈਨ ਦੇ ਸਹਾਇਕ ਸੰਪਾਦਕ ਬੀਬੀ ਨਿਮਰਤ ਕੌਰ, ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ, ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ, ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਬੀਰ ਦਵਿੰਦਰ ਸਿੰਘ, ਭੈਣੀ ਸਾਹਿਬ ਤੋਂ ਨਾਮਧਾਰੀ ਆਗੂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਕਈ ਹੋਰ ਰਾਜਨੀਤਕ ਪਾਰਟੀਆਂ ਨੇ ਨੇਤਾ ਅਤੇ ਸੁਨੇਹੀਆਂ ਨੇ ਵੱਡੀ ਗਿਣਤੀ 'ਚ ਪੁੱਜ ਕੇ ਸਵ. ਹਰਭਜਨ ਸਿੰਘ ਨੱਢਾ ਨੂੰ ਅੰਤਮ ਅਰਦਾਸ 'ਚ ਸਮੂਲੀਅਤ ਕੀਤੀ।