ਹਰਜਿੰਦਰ ਸਿੰਘ ਮੁੜ ਅਕਾਲੀ ਦਲ 'ਚ ਸ਼ਾਮਲ
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਬੀਤੇ ਸਮੇਂ ਦੌਰਾਨ ਹੋਈਆਂ ਚੋਣਾਂ ਵਿਚ ਵਾਰਡ ਨੰਬਰ. 21, ਖਿਆਲਾ (ਵਿਸ਼ਨੂੰ ਗਾਰਡਨ) ਤੋਂ ਚੋਣ ਜਿਤ ਕੇ ਮੈਂਬਰ ਬਣੇ..
ਨਵੀਂ ਦਿੱਲੀ, 6 ਅਗੱਸਤ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਬੀਤੇ ਸਮੇਂ ਦੌਰਾਨ ਹੋਈਆਂ ਚੋਣਾਂ ਵਿਚ ਵਾਰਡ ਨੰਬਰ. 21, ਖਿਆਲਾ (ਵਿਸ਼ਨੂੰ ਗਾਰਡਨ) ਤੋਂ ਚੋਣ ਜਿਤ ਕੇ ਮੈਂਬਰ ਬਣੇ ਹਰਜਿੰਦਰ ਸਿੰਘ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਬਣਾਈ ਪਾਰਟੀ ਅਕਾਲ ਸਹਾਇ ਵੈਲਫੇਅਰ ਸੁਸਾਇਟੀ ਨੂੰ ਅਲਵਿਦਾ ਆਖ ਕੇ ਮੁੜ੍ਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।
ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਨੇ ਬੀਤੇ ਐਤਵਾਰ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਵਿਸ਼ਨੂੰ ਗਾਰਡਨ, ਮੱਦੀ ਵਾਲੀ ਗੱਲੀ ਦੇ ਪ੍ਰਧਾਨ ਦੀ ਚੋਣ ਵੀ ਜਿੱਤੀ ਸੀ। ਹਰਜਿੰਦਰ ਸਿੰਘ ਨੇ ਆਪਣੀ ਸਮੁਚੀ ਜੇਤੂ ਟੀਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਦਫ਼ਤਰ ਪੁੱਜ ਕੇ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ 'ਚ ਆਪਣਾ ਪੂਰਾ ਭਰੋਸਾ ਦਿਵਾਉਦਿਆਂ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ।ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਵਿਸ਼ਨੂੰ ਗਾਰਡਨ ਦੀ ਜੇਤੂ ਟੀਮ ਦੇ ਮੈਂਬਰ ਸਤਪਾਲ ਸਿੰਘ ਜਨਰਲ ਸਕੱਤਰ ਅਤੇ ਖਜਾਨਚੀ ਜਸਵਿੰਦਰ ਸਿੰਘ ਸਣੇ ਸਮੂਹ ਮੈਂਬਰਾਂ ਨੇ ਦਿੱਲੀ ਕਮੇਟੀ ਵਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਨੂੰ ਸਮਰਪਤ ਹੁੰਦੇ ਹੋਏ ਭਾਈ ਰਣਜੀਤ ਸਿੰਘ ਦਾ ਸਾਥ ਛੱਡਣ ਦਾ ਐਲਾਨ ਕੀਤਾ। ਸ. ਜੀ.ਕੇ. ਨੇ ਕਿਹਾ ਕਿ ਹਰਜਿੰਦਰ ਸਿੰਘ ਨੇ ਪਹਿਲਾ ਵੀ ਬਤੌਰ ਮੈਂਬਰ ਦਿੱਲੀ ਕਮੇਟੀ 'ਚ ਬੀਤੇ 4 ਵਰ੍ਹਿਆਂ ਵਿਚ ਬੇਮਿਸਾਲ ਸੇਵਾਵਾਂ ਨਿਭਾਈਆਂ ਹਨ ਅਤੇ ਅੱਜ ਪਾਰਟੀ ਵਿਚ ਵਾਪਸ ਪਰਤ ਕੇ ਪਾਰਟੀ ਨੂੰ ਮਜਬੂਤੀ ਦਿਤੀ ਹੈ।
ਇਸ ਮੌਕੇ ਹਰਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਸ. ਜੀ.ਕੇ. ਵਲੋਂ ਪਹਿਲਾ ਵੀ ਜੋ ਕਾਰਜ ਸੌਂਪੇ ਜਾਂਦੇ ਸਨ ਉਨ੍ਹਾਂ ਨੂੰ ਬਾਖੁਬੀ ਨਿਭਾਉਦਾ ਰਿਹਾ ਹਾਂ ਤੇ ਹੁਣ ਵੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਵਾਂਗਾ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਪਰਮਜੀਤ ਸਿੰਘ ਰਾਣਾ, ਹਰਵਿੰਦਰ ਸਿੰਘ ਕੇ.ਪੀ. ਅਤੇ ਚਮਨ ਸਿੰਘ ਸ਼ਾਹਪੁਰਾ ਮੌਜੂਦ ਸਨ।