ਕੀਰਤਪੁਰ ਸਾਹਿਬ ਦੇ ਅਸਤਘਾਟ ਦੇ ਪਲੀਤ ਪਾਣੀ ਦੀ ਸਮੱਸਿਆ ਜਲਦ ਹੱਲ ਹੋਵੇਗੀ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਵਿਚ ਸਾਫ ਪਾਣੀ ਲਿਆਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ

Sidhu

ਰੂਪਨਗਰ, 5 ਅਗੱਸਤ (ਸੁਖਚੈਨ ਸਿੰਘ ਰਾਣਾ) :  ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਵਿਚ ਸਾਫ ਪਾਣੀ ਲਿਆਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ ਅਤੇ ਇਹ ਕੰੰਮ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕਰਨ ਦੇ ਵੀ ਯਤਨ ਕੀਤੇ ਜਾਣਗੇ। ਇਹ ਪ੍ਰਗਟਾਵਾ ਸ੍ਰੀ ਨਵਜੋਤ ਸਿੰਘ ਸਿੱਧੂ ਕੈਬਿਨਟ ਮੰਤਰੀ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮਾਮਲੇ ਪੁਰਾਤੱਤਵ ਅਤੇ ਅਜਾਇਬ ਘਰ ਨੇ ਅੱਜ ਇਸ ਪਵਿਤਰ ਸਥਾਨ ਦਾ ਦੌਰਾ ਕਰਨ ਉਪਰੰਤ ਕੀਤਾ।
ਇਸ  ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਂਚੇਵਾਲ, ਸ੍ਰੀ ਸਤੀਸ਼ ਚੰਦਰਾ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ, ਸ੍ਰੀ ਅਜੋਅ ਕੁਮਾਰ ਮੁਖ ਕਾਰਜਕਾਰੀ ਅਫਸਰ ਸੀਵਰੇਜ ਬੌਰਡ, ਸ੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ, ਸ੍ਰੀ ਰਾਜ ਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ, ਸ੍ਰੀ ਜੇ.ਕੇ.ਜੈਨ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਸ੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ., ਸ੍ਰੀ ਰਮਿੰਦਰ ਸਿੰਘ ਕਾਹਲੋਂ ਉਪ ਪੁਲਿਸ ਕਪਤਾਨ ਵੀ ਉਨ੍ਹਾਂ ਨਾਲ ਸਨ।
ਉਨ੍ਹਾਂ ਕਿਹਾ ਕਿ ਇਹ ਪਵਿੱਤਰ ਸਥਾਨ ਕਰੋੜਾਂ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ ਅਤੇ ਇਸ ਸਥਾਨ ਤੇ ਰੋਜ਼ਾਨਾ ਹਜ਼ਾਰਾਂ ਵਿਅਕਤੀ ਆਪਣੇ ਰਿਸ਼ਤੇਦਾਰਾਂ/ਸਗੇ ਸਬੰਧੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਆਂਉਦੇ ਹਨ ਤਾਂ ਇਸ ਪਵਿਤਰ ਅਸਥਾਨ ਤੇ ਪਲੀਤ ਪਾਣੀ ਵੇਖ ਕੇ ਉਨਾਂ ਨੂੰ ਬਹੁਤ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਪਵਿਤਰ ਤੇ ਆਸਥਾ ਦੇ ਕੇਂਦਰ 'ਚ ਸਾਫ ਪਾਣੀ ਮੁਹਈਆ ਕਰਾਉਣਾ ਜਰੂਰੀ ਹੈ। ਇਸ ਮੰਤਵ ਲਈ ਪਹਿਲੇ ਪੜਾਅ ਤਹਿਤ ਪਿੰਡ ਕਲਿਆਣਪੁਰ ਵਿਚ ਇਕ ਏਕੜ ਵਿਚ 02 ਐਮ.ਐਲ.ਡੀ. ਦੀ ਸਮਰਥਾ ਵਾਲਾ 6.08 ਕਰੌੜ ਰੁਪਏ ਦੀ ਲਾਗਤ ਨਾਲ ਐਸ.ਟੀ.ਪੀ.ਦੀ ਉਸਾਰੀ ਕੀਤੀ ਜਾਵੇਗੀ ਜਿਸ ਵਿਚ ਸੀਵਰੇਜ ਪਾਈਪ ਲਾਈਨ ਅਤੇ ਸੜਕਾਂ ਦੀ ਮੁਰੰਤ ਵੀ ਸ਼ਾਮਿਲ ਹੈ। ਜਿਸ ਮੰਤਵ ਲਈ ਜਲਦੀ ਹੀ ਲੋੜੀਂਦੇ ਫੰਡਜ਼ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਾ ਕੰਮ ਨਿਸ਼ਚਿਤ ਸਮੇਂ ਵਿਚ ਮੁਕੰਮਲ ਕਰਨ ਲਈ ਵੀ ਆਖਿਆ। ਇਸ ਦੇ ਦੂਜੇ ਪੜਾਅ ਤਹਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਤੱਕ 06 ਕਿਲੋਮੀਟਰ ਦਰਿਆ 'ਚ ਆਉਣ ਵਾਲੇ  23000 ਕਿਉਸਿਕ ਪਾਣੀ ਨੂੰ ਸੌਧਣ ਲਈ 56 ਐਮ.ਐਲ.ਡੀ. ਦਾ ਐਸ.ਟੀ.ਪੀ. ਲਗਾਉਣ ਲਈ ਥਾਂ ਦੀ ਸ਼ਨਾਖਤ ਕਰਨ ਲਈ ਕਿਹਾ। ਇਸ ਕੰਮ ਲਈ ਵੀ ਕਿਸੇ ਕਿਸਮ ਦੇ ਫੰਡਜ਼ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਕੀਰਤਪੁਰਸਾਹਿਬ ਤੱਕ ਦੇ ਪਿੰਡਾਂ ਵਿਚਲੀਆਂ ਡਰੇਨਾਂ ਦਾ ਪਾਣੀ ਸੌਧਣ ਦਾ ਸਰਵੇ  ਸੰਤ ਬਲਬੀਰ ਸਿੰਘ ਸੀਂਚੇਵਾਲ ਨਾਲ ਮਿਲ ਕੇ, ਕਰਨ ਲਈ ਕਿਹਾ।
ਮੀਡੀਆ ਵਲੋਂ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੀਆਂ ਚੌਣਾਂ ਸਬੰਧੀ ਪੁੱਛੇ ਜਾਣ ਤੇ ਸ੍ਰੀ ਸਿੱਧੂ ਨੇ ਕਿਹਾ ਕਿ ਦਸੰਬਰ ਮਹੀਨੇ ਦੌਰਾਨ ਸਥਾਨਕ ਸਰਕਾਰਾਂ ਦੀਆਂ ਸਾਰੀਆਂ ਚੋਣਾ ਹੋਣ ਦੀ ਸੰਭਾਵਨਾ ਹੈ ਅਤੇ ਇਨਾਂ ਚੋਣਾਂ ਦੌਰਾਨ ਸਰਕਾਰ ਵਿਕਾਸ ਦਾ ਏਜੰਡਾ ਲੈ ਕੇ ਲੋਕਾਂ ਪਾਸ ਜਾਵੇਗੀ। ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀਆਂ ਨੇ ਪੰਜਾਬ ਨੂੰ ਬੂਰੀ ਤਰਾਂ ਲੁਟਿਆ ਤੇ ਕੁਟਿਆ ਹੈ ਇਸ ਲਈ ਬਾਦਲਾਂ ਦਾ ਨਾਮ ਕਾਲੇ ਅਖਰਾਂ ਵਿਚ ਲਿਖਿਆ ਜਾਵੇਗਾ। ਉਨ੍ਹਾਂ ਅਕਾਲੀਆਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰੌਜੈਕਟਾਂ ਨੂੰ ਪੰਜਾਬ ਸਰਕਾਰ ਵਲੋਂ ਰੱਦ ਕਰਵਾਉਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ 10 ਸਾਲ ਵਿਚ ਸੈਰ ਸਪਾਟਾ ਸਨੱਅਤ ਨੂੰ ਪਰਫੁਲਿਤ ਕਰਨ ਲਈ ਕੁੱਝ ਨਹੀਂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਉਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਮੁੱਚੇ ਪ੍ਰੋਜੈਕਟ ਦੀ ਸਮੀਖਿਆ ਕੀਤੀ।