'ਸਭਿਆਚਾਰ ਤੇ ਕਿਰਦਾਰ' ਵਿਸ਼ੇ 'ਤੇ ਕਰਵਾਏ ਸੈਮੀਨਾਰ ਦੌਰਾਨ ਬੁਲਾਰਿਆਂ ਵਲੋਂ ਇਨਕਲਾਬੀ ਵਿਚਾਰਾਂ
ਕਾਜ਼ੀ ਨੂਰ ਮੁਹੰਮਦ ਨੇ ਭਾਵੇਂ ਅਪਣੀਆਂ ਸਾਰੀਆਂ ਲਿਖਤਾਂ ਸਿੱਖਾਂ ਦੇ ਵਿਰੋਧ 'ਚ ਲਿਖੀਆਂ ਪਰ ਸਿੱਖਾਂ ਦੇ ਸਬਰ ਸੰਤੋਖ, ਦਲੇਰੀ, ਆਚਰਨ, ਸਰਬੱਤ ਦੇ ਭਲੇ ਅਤੇ....
ਕੋਟਕਪੂਰਾ, 7 ਅਗੱਸਤ (ਗੁਰਿੰਦਰ ਸਿੰਘ) : ਕਾਜ਼ੀ ਨੂਰ ਮੁਹੰਮਦ ਨੇ ਭਾਵੇਂ ਅਪਣੀਆਂ ਸਾਰੀਆਂ ਲਿਖਤਾਂ ਸਿੱਖਾਂ ਦੇ ਵਿਰੋਧ 'ਚ ਲਿਖੀਆਂ ਪਰ ਸਿੱਖਾਂ ਦੇ ਸਬਰ ਸੰਤੋਖ, ਦਲੇਰੀ, ਆਚਰਨ, ਸਰਬੱਤ ਦੇ ਭਲੇ ਅਤੇ ਮਜਲੂਮਾਂ ਦੀ ਰਖਿਆ ਕਰਨ ਦੇ ਘਟਨਾਕ੍ਰਮ ਨੂੰ ਕਾਜ਼ੀ ਨੂਰ ਮੁਹੰਮਦ ਨੇ ਪ੍ਰਸ਼ੰਸਾਯੋਗ ਆਖਦਿਆਂ ਅਪਣੀਆਂ ਲਿਖਤਾਂ ਰਾਹੀਂ ਸਿੱਖਾਂ ਦੇ ਕਿਰਦਾਰ ਦੀ ਵਡਿਆਈ ਵੀ ਕੀਤੀ ਹੈ।
ਨੇੜਲੇ ਪਿੰਡ ਕੋਹਾਰਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ ਸਭਿਆਚਾਰ ਅਤੇ ਕਿਰਦਾਰ ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਦੌਰਾਨ ਉਘੇ ਪ੍ਰਚਾਰਕਾਂ ਭਾਈ ਹਰਜੀਤ ਸਿੰਘ ਢਪਾਲੀ, ਰਣਜੀਤ ਸਿੰਘ ਵਾੜਾਦਰਾਕਾ ਅਤੇ ਰਣਜੀਤ ਸਿੰਘ ਮੱਲਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਅੱਜ ਸਭਿਆਚਾਰ ਦੇ ਨਾਂਅ 'ਤੇ ਪਰੋਸੀ ਜਾ ਰਹੀ ਅਸ਼ਲੀਲਤਾ, ਲੱਚਰਤਾ, ਅਰਾਜਕਤਾ, ਹੀਰ-ਰਾਂਝੇ ਦੀਆਂ ਕਹਾਣੀਆਂ ਨਾ ਤਾਂ ਸਿੱਖ ਇਤਿਹਾਸ ਅਤੇ ਪੁਰਾਤਨ ਸਭਿਆਚਾਰ ਨਾਲ ਮੇਲ ਖਾਂਦੀਆਂ ਹਨ ਤੇ ਨਾ ਹੀ ਇਨ੍ਹਾਂ ਕਹਾਣੀਆਂ ਦਾ ਸਾਡੇ ਅਮੀਰ ਵਿਰਸੇ ਨਾਲ ਕੋਈ ਸਬੰਧ ਹੈ। ਭਾਈ ਢਪਾਲੀ ਨੇ ਅੰਕੜਿਆਂ ਦਾ ਵਰਨਣ ਕਰਦਿਆਂ ਦਸਿਆ ਕਿ ਮੁਗ਼ਲਕਾਲ ਸਮੇਂ ਦਾ ਸਿੱਖ ਇਤਿਹਾਸ ਅਤੇ 1980 ਤੋਂ 1995 ਤਕ ਦੇ ਪੰਦਰਾਂ ਸਾਲਾਂ ਦੇ ਪੰਜਾਬ 'ਚ ਵਗੀ ਕਾਲੀ ਹਨੇਰੀ ਦੇ ਸਮੇਂ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮਾਂ ਦਾ ਆਇਆ ਹੜ੍ਹ, ਸਾਨੂੰ ਆਚਰਨਹੀਣ ਸਾਬਤ ਕਰਨ ਦੇ ਸੰਕੇਤ ਦੇਣ ਲੱਗਾ।
ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਸਕੂਲਾਂ/ਕਾਲਜਾਂ ਦੀਆਂ ਕਿਤਾਬਾਂ 'ਚ ਅਸਲ ਇਤਿਹਾਸ ਨੂੰ ਨਜ਼ਰਅੰਦਾਜ਼ ਕਰ ਕੇ ਮਿਥਿਹਾਸ ਪਰੋਸਿਆ ਜਾ ਰਿਹਾ ਹੈ ਕਿਉਂਕਿ ਹੀਰ-ਰਾਂਝਾ, ਸੱਸੀ-ਪੁੰਨੂੰ, ਮਿਰਜਾ-ਸਾਹਿਬਾ, ਸੋਹਣੀ-ਮਹੀਂਵਾਲ ਦੇ ਇਸ਼ਕ ਮਜਾਜੀ ਕਿੱਸਿਆਂ ਦਾ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ ਅਤੇ ਗੁਰੂ ਅਰਜਨ ਦੇਵ ਜੀ ਵਲੋਂ ਜਿਹੜੇ ਚਾਰ ਭਗਤਾਂ ਦੀਆਂ ਬਾਣੀ ਦੇ ਨਾਂਅ 'ਤੇ ਪੇਸ਼ ਕੀਤੀਆਂ ਗਈਆਂ ਸਤਰਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਨ ਤੋਂ ਇਨਕਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਸੂਫ਼ੀ ਭਗਤ ਦਰਸਾ ਕੇ ਉਨ੍ਹਾਂ ਦੀਆਂ ਰਚਨਾਵਾਂ ਕਾਲਜ ਦੀਆਂ ਕਿਤਾਬਾਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਉਸ ਦੇ ਮਾਪੇ, ਫਿਰ ਵਿਦਿਅਕ ਸੰਸਥਾਵਾਂ, ਫਿਰ ਧਾਰਮਕ ਸਥਾਨ ਅਤੇ ਉਸ ਤੋਂ ਬਾਅਦ ਰਾਜਨੀਤਕ ਆਗੂ ਸਾਰਥਕ ਰੋਲ ਨਿਭਾ ਸਕਦੇ ਹਨ ਪਰ ਸਕੂਲਾਂ/ਕਾਲਜਾਂ ਦੀਆਂ ਕਿਤਾਬਾਂ 'ਚ ਪਰੋਸੇ ਜਾ ਰਹੇ ਮਿਥਿਹਾਸ, ਸਭਿਆਚਾਰ ਦੇ ਨਾਂਅ 'ਤੇ ਫੈਲ ਰਹੀ ਲੱਚਰਤਾ, ਝੂਠੀਆਂ ਸਾਖੀਆਂ, ਅੰਧ-ਵਿਸ਼ਵਾਸ, ਕਰਮਕਾਂਡ ਤੇ ਵਹਿਮ-ਭਰਮ ਵਿਰੁਧ ਕੁੱਝ ਕੁ ਉਂਗਲਾਂ 'ਤੇ ਗਿਣੇ ਜਾਣ ਵਾਲੇ ਪ੍ਰਚਾਰਕਾਂ ਅਤੇ ਪੱਤਰਕਾਰਾਂ ਤੋਂ ਬਿਨਾਂ ਹੋਰਨਾਂ ਵਲੋਂ ਅਸਲੀਅਤ ਤੋਂ ਮੂੰਹ ਮੋੜ ਲੈਣ ਦੀ ਕਾਰਵਾਈ ਨਿੰਦਣਯੋਗ, ਅਫ਼ਸੋਸਨਾਕ, ਦੁਖਦਾਇਕ ਹੀ ਨਹੀਂ ਬਲਕਿ ਚਿੰਤਾਜਨਕ ਵੀ ਹੈ।