ਇਮਰਾਨ ਖ਼ਾਨ ਨਾਲ ਗੱਲਬਾਤ ਤਾਂ ਹੀ ਸੰਭਵ ਹੈ ਜੇਕਰ ਉਹ 9 ਮਈ ਦੀ ਘਟਨਾ ਲਈ ਦੇਸ਼ ਤੋਂ ਮੁਆਫ਼ੀ ਮੰਗਣ : ਮੰਤਰੀ ਡਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਸ਼ਾਂਤਮਈ ਪ੍ਰਦਰਸ਼ਨ ਹਰ ਕਿਸੇ ਦਾ ਅਧਿਕਾਰ ਪਰ ਫ਼ੌਜੀ ਟਿਕਾਣਿਆਂ 'ਤੇ ਹਮਲੇ ਬਰਦਾਸ਼ਤ ਨਹੀਂ 

Imran Khan

ਇਸਲਾਮਾਬਾਦ : ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਹਾਕ ਡਾਰ ਨੇ ਸੰਕੇਤ ਦਿਤਾ ਹੈ ਕਿ ਦੇਸ਼ 'ਚ ਚੱਲ ਰਹੇ ਸਿਆਸੀ ਸੰਕਟ ਨੂੰ ਖ਼ਤਮ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਬਸ਼ਰਤੇ ਉਹ ''ਅਪਣੀਆਂ ਗ਼ਲਤੀਆਂ ਨੂੰ ਸੁਧਾਰਨ ਲਈ ਕਦਮ ਚੁੱਕਣ'' ਅਤੇ 9 ਮਈ ਨੂੰ ਹੋਈ ਹਿੰਸਾ ਲਈ ਦੇਸ਼ ਤੋਂ ਮੁਆਫ਼ੀ ਮੰਗਣ। 

ਜ਼ਿਕਰਯੋਗ ਹੈ ਕਿ ਇਸਲਾਮਾਬਾਦ ਹਾਈ ਕੋਰਟ ਦੇ ਕੰਪਲੈਕਸ ਤੋਂ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਦੇਸ਼ ਭਰ 'ਚ ਹਿੰਸਕ ਪ੍ਰਦਰਸ਼ਨ ਕੀਤਾ ਸੀ ਅਤੇ ਫ਼ੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਸੀ। ਸਥਾਨਕ ਮੀਡੀਆ ਅਦਾਰੇ ਨਾਲ ਇਕ ਪ੍ਰੋਗਰਾਮ 'ਚ ਐਤਵਾਰ ਨੂੰ ਡਾਰ ਵਲੋਂ ਗੱਲਬਾਤ ਦਾ ਸੰਕੇਤ ਅਜਿਹੇ ਸਮੇਂ 'ਚ ਦਿਤਾ ਗਿਆ ਹੈ ਜਦੋਂ ਸੱਤਾਧਾਰੀ ਗਠਜੋੜ ਪਹਿਲਾਂ ਹੀ ਇਮਰਾਨ ਖ਼ਾਨ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਇਹ ਕਹਿ ਕੇ ਠੁਕਰਾ ਚੁੱਕਾ ਹੈ ਕਿ ਗੱਲਬਾਤ ਨੇਤਾਵਾਂ ਨਾਲ ਹੁੰਦੀ ਹੈ ਨਾ ਕਿ ਅਤਿਵਾਦੀਆਂ ਨਾਲ।

ਇਹ ਵੀ ਪੜ੍ਹੋ:  ਸਾਂਸਦ ਵਿਕਰਮਜੀਤ ਸਾਹਨੀ ਨੇ ਕੈਨੇਡਾ ਸਰਕਾਰ ਕੋਲ ਮੁੜ ਚੁਕਿਆ 700 ਪੰਜਾਬੀ ਨੌਜੁਆਨਾਂ ਨੂੰ ਡਿਪੋਰਟ ਨਾ ਕਰਨ ਦਾ ਮਾਮਲਾ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਨੇ 9 ਮਈ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਪ੍ਰਸ਼ਾਸਨ ਵਲੋਂ ਕੀਤੀ ਗਈ ਵੱਡੀ ਕਾਰਵਾਈ ਦੇ ਵਿਚਕਾਰ ਚੋਣਾਂ ਦੀਆਂ ਤਰੀਕਾਂ 'ਤੇ ਸਰਕਾਰ ਨਾਲ ਗੱਲਬਾਤ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਜ਼ਿਕਰਯੋਗ ਹੈ ਕਿ 9 ਮਈ ਦੀ ਹਿੰਸਾ ਤੋਂ ਬਾਅਦ ਪੀ.ਟੀ.ਆਈ ਦੇ ਵਿਰੁੱਧ ਸ਼ਿਕੰਜਾ ਕੱਸਣ ਕਾਰਨ ਪਾਰਟੀ ਹੋਂਦ ਦੇ ਸੰਕਟ 'ਚੋਂ ਲੰਘ ਰਹੀ ਹੈ ਅਤੇ ਕਈ ਸੀਨੀਅਰ ਨੇਤਾ ਰੋਜ਼ਾਨਾ ਦੇ ਆਧਾਰ 'ਤੇ ਪਾਰਟੀ ਛੱਡ ਰਹੇ ਹਨ।

ਡਾਰ ਨੇ ਕਿਹਾ, ''ਜੇਕਰ ਉਹ (ਖ਼ਾਨ) ਸੁਧਾਰਾਤਮਕ ਕਦਮ ਚੁਕਦੇ ਹਨ ਅਤੇ 9 ਮਈ ਦੀ ਹਿੰਸਾ ਲਈ ਦੇਸ ਤੋਂ ਮੁਆਫ਼ੀ ਮੰਗਦੇ ਹਨ ਤਾਂ ਗੱਲਬਾਤ ਹੋ ਸਕਦੀ ਹੈ। ਡਾਰ ਨੇ ਰੇਖਾਂਕਿਤ ਕੀਤਾ ਕਿ 9 ਮਈ ਦੀ ਮੰਦਭਾਗੀ ਘਟਨਾ ਤੋਂ ਪਹਿਲਾਂ, ਸਰਕਾਰ ਅਤੇ ਪੀ.ਟੀ.ਆਈ. ਦੇ ਨੁਮਾਇੰਦੇ ਗੰਭੀਰ ਗੱਲਬਾਤ ਵਿਚ ਸਨ ਅਤੇ ਚੋਣਾਂ ਦੀਆਂ ਤਰੀਕਾਂ ਨੂੰ ਛੱਡ ਕੇ ਸਾਰੇ ਮੁੱਦਿਆਂ 'ਤੇ ਇਕ ਸਮਝੌਤੇ 'ਤੇ ਪਹੁੰਚ ਗਏ ਸਨ। ਮੰਤਰੀ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਹਰ ਕਿਸੇ ਦਾ ਅਧਿਕਾਰ ਹੈ, ਪਰ ਫ਼ੌਜੀ ਟਿਕਾਣਿਆਂ 'ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਹਨ।