'ਖੂਹ 'ਚ ਛਾਲ ਮਾਰ ਕੇ ਮਰ ਜਾਵਾਂਗਾ ਪਰ ਕਾਂਗਰਸ 'ਚ ਸ਼ਾਮਲ ਨਹੀਂ ਹੋਵਾਂਗਾ', ਜਾਣੋ ਕਿਉਂ ਕਿਹਾ ਨਿਤਿਨ ਗਡਕਰੀ ਨੇ ਅਜਿਹਾ?
''ਵਰਤੋ, ਸੁੱਟੋ' ਦੇ ਦੌਰ ਵਿਚ ਕਿਸੇ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ”: ਗਡਕਰੀ
ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਤੋਂ ਹਟਾਏ ਗਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, "ਕਿਸੇ ਨੂੰ ਵੀ 'ਵਰਤੋ, ਸੁੱਟੋ' ਦੇ ਦੌਰ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ। ਚੰਗੇ ਦਿਨ ਹੋਵੇ ਜਾਂ ਮਾੜੇ ਦਿਨ, ਕਿਸੇ ਇੱਕ ਦਾ ਹੱਥ ਫੜ ਕੇ ਰੱਖੋ। ਚੜ੍ਹਦੇ ਸੂਰਜ ਦੀ ਪੂਜਾ ਨਾ ਕਰੋ।” ਗਡਕਰੀ ਨੇ ਯਾਦ ਕੀਤਾ ਜਦੋਂ ਉਹ ਵਿਦਿਆਰਥੀ ਆਗੂ ਸਨ ਉਦੋਂ ਕਾਂਗਰਸ ਨੇਤਾ ਸ਼੍ਰੀਕਾਂਤ ਜਿਚਕਰ ਨੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਕਾਂਗਰਸ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਕੇਂਦਰੀ ਮੰਤਰੀ ਨੇ ਕਿਹਾ, "ਮੈਂ ਸ੍ਰੀਕਾਂਤ ਨੂੰ ਕਿਹਾ, ਮੈਂ ਖੂਹ ਵਿੱਚ ਛਾਲ ਮਾਰ ਕੇ ਮਰ ਜਾਵਾਂਗਾ, ਪਰ ਕਾਂਗਰਸ ਵਿਚ ਸ਼ਾਮਲ ਨਹੀਂ ਹੋਵਾਂਗਾ, ਕਿਉਂਕਿ ਮੈਨੂੰ ਕਾਂਗਰਸ ਦੀ ਵਿਚਾਰਧਾਰਾ ਪਸੰਦ ਨਹੀਂ ਹੈ
ਗਡਕਰੀ ਨੇ ਕਿਹਾ ਕਿ ਨੌਜਵਾਨ ਉੱਦਮੀਆਂ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਸਵੈ-ਜੀਵਨੀ ਦਾ ਹਵਾਲਾ ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖ ਹਾਰਨ 'ਤੇ ਖਤਮ ਨਹੀਂ ਹੁੰਦਾ, ਪਰ ਜਦੋਂ ਉਹ ਹਾਰ ਮੰਨ ਲੈਂਦਾ ਹੈ ਉਦੋਂ ਉਹ ਖਤਮ ਹੋ ਜਾਂਦਾ ਹੈ। ਗਡਕਰੀ ਉਦੋਂ ਨਾਗਪੁਰ 'ਚ ਉੱਦਮੀਆਂ ਦੀ ਇੱਕ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਵਿਅਕਤੀ ਵਪਾਰ, ਸਮਾਜਕ ਕਾਰਜ ਜਾਂ ਰਾਜਨੀਤੀ ਵਿੱਚ ਹੈ, ਉਸ ਲਈ ਮਨੁੱਖੀ ਸੰਪਰਕ ਸਭ ਤੋਂ ਵੱਡੀ ਤਾਕਤ ਹੈ।
ਹਾਲ ਹੀ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਭਾਜਪਾ ਦੇ ਨਵੇਂ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦਾ ਗਠਨ ਕੀਤਾ ਹੈ। ਸੰਸਦੀ ਬੋਰਡ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਹਟਾ ਦਿੱਤਾ ਗਿਆ ਹੈ। ਇਸ ਵਾਰ ਭਾਜਪਾ ਨੇ ਬੋਰਡ ਵਿਚ ਕਈ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਹੈ, ਜਿਸ ਵਿੱਚ ਬੀਐਸ ਯੇਦੀਯੁਰੱਪਾ, ਸਰਬਾਨੰਦ ਸੋਨੋਵਾਲ ਅਤੇ ਕੇ ਲਕਸ਼ਮਣ ਸ਼ਾਮਲ ਹਨ।