ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਭੇਜਿਆ MLA ਸੁਖਪਾਲ ਖਹਿਰਾ ਨੂੰ ਨੋਟਿਸ

ਏਜੰਸੀ

ਖ਼ਬਰਾਂ, ਰਾਜਨੀਤੀ

ਸੁਖਪਾਲ ਖਹਿਰਾ ਨੇ ਪ੍ਰਾਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਵਿਖੇ ਲਗਾਇਆ ਧਰਨਾ ਚੁੱਕਣ ਦੀ ਦਿਤੀ ਸੀ ਸਲਾਹ

Punjab Congress in-charge Harish Chaudhary sent a notice to MLA Sukhpal Khaira

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ MLA ਸੁਖਪਾਲ ਖਹਿਰਾ ਨੂੰ ਨੋਟਿਸ ਭੇਜ ਦਿੱਤਾ ਹੈ। ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਖਹਿਰਾ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਧਰਨਾ ਹਟਾਉਣ ਦੀ ਸਲਾਹ ਦਿੱਤੀ ਸੀ। ਇਹ ਧਰਨਾ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿਚ ਲਗਾਇਆ ਗਿਆ ਸੀ।
ਪਾਰਟੀ ਇੰਚਾਰਜ ਹਰੀਸ਼ ਚੌਧਰੀ ਨੇ ਸੁਖਪਾਲ ਖਹਿਰਾ ਨੂੰ ਪਾਰਟੀ ਪ੍ਰਧਾਨ ਰਾਜਾ ਵੜਿੰਗ ਜਾਂ ਪਾਰਟੀ ਫੋਰਮ ਨਾਲ ਗੱਲ ਕਰਨ ਦੀ ਬਜਾਏ ਸੋਸ਼ਲ ਮੀਡੀਆ ਜ਼ਰੀਏ ਗੱਲ ਰੱਖਣ ਕਾਰਨ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।
ਇਸ ਤੋਂ ਪਹਿਲਾ ਵੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਨੂੰ ਕਿਹਾ ਕਿ ਬਿਨ੍ਹਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ। ਇਸ ਨਾਲ ਕਦਰ ਘੱਟ ਜਾਂਦੀ ਹੈ। ਇਸ ਉੱਤੇ ਸੁਖਪਾਲ ਖਹਿਰਾ ਨੇ ਪਲਟਵਾਰ ਜਵਾਬ ਦਿੰਦਿਆਂ ਕਿਹਾ ਕਿ ਆਗੂਆਂ ਨੂੰ ਛੋਟੇ ਵਰਕਰਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਦੂਜੇ ਪਾਸੇ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਵੀ ਖਹਿਰਾ ਦੇ ਬਹਾਨੇ ਮੋਰਚਾ ਖੋਲ੍ਹ ਦਿੱਤਾ ਹੈ। ਜਾਖੜ ਨੇ ਰਾਜਾ ਵੜਿੰਗ ਨੂੰ ਹੰਕਾਰੀ ਦੱਸਦਿਆਂ ਕਿਹਾ ਕਿ ਸੁਖਪਾਲ ਖਹਿਰਾ ਵਰਗੇ ਸੀਨੀਅਰ ਆਗੂ ਨੂੰ ਜਨਤਕ ਤੌਰ 'ਤੇ ਝਿੜਕਣਾ ਪ੍ਰਧਾਨ ਰਾਜਾ ਵੜਿੰਗ ਦੇ ਹੰਕਾਰ ਨੂੰ ਦਰਸਾਉਂਦਾ ਹੈ।
ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪਰਨੀਤ ਕੌਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਮੈਂ ਦਿੱਲੀ ਦੇ ਆਗੂਆਂ ਨਾਲ ਗੱਲ ਕੀਤੀ ਹੈ, ਪਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਅਤੇ ਹੁਣ ਤੋਂ ਉਨ੍ਹਾਂ ਨੂੰ ਕਾਂਗਰਸ ਵਲੋਂ ਟਿਕਟ ਨਹੀਂ ਦਿੱਤੀ ਜਾਵੇਗੀ। ਪਰਨੀਤ ਕੌਰ ਜਲਦੀ ਹੀ ਭਾਜਪਾ 'ਚ ਸ਼ਾਮਲ ਹੋ ਜਾਣਗੇ।