ਜੇਪੀ ਨੱਡਾ ਦਾ ਰਾਹੁਲ ਗਾਂਧੀ 'ਤੇ ਹਮਲਾ, 'ਕਾਂਗਰਸ ਦੇ ਸ਼ਹਿਜ਼ਾਦੇ ਨੂੰ ਕਿਸੇ ਚੀਜ਼ 'ਤੇ ਯਕੀਨ ਨਹੀਂ'

ਏਜੰਸੀ

ਖ਼ਬਰਾਂ, ਰਾਜਨੀਤੀ

ਜੇਪੀ ਨੱਡਾ ਨੇ ਟਵੀਟ ਕਰਦਿਆਂ ਕਾਂਗਰਸ 'ਤੇ ਲਾਇਆ ਸੁਰੱਖਿਆ ਬਲਾਂ ਨੂੰ ਕਮਜ਼ੋਰ ਕਰਨ ਦਾ ਦੋਸ਼

JP Nadda-Rahul Gandhi

ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ। ਜੇਪੀ ਨੱਡਾ ਨੇ ਟਵੀਟ ਕਰਦਿਆਂ ਕਿਹਾ, 'ਕਾਂਗਰਸ ਦੇ ਸ਼ਹਿਜ਼ਾਦੇ ਨੂੰ ਭਾਰਤ ਦੀ ਕਿਸੇ ਵੀ ਚੀਜ਼ 'ਤੇ ਯਕੀਨ ਨਹੀਂ ਹੈ, ਚਾਹੇ ਉਹ ਫੌਜ ਹੋਵੇ, ਸਰਕਾਰ ਹੋਵੇ ਜਾਂ ਸਾਡੇ ਲੋਕ ਹੋਣ। ਉਹ ਅਪਣੇ 'ਸਭ ਤੋਂ ਭਰੋਸੇਮੰਦ ਦੇਸ਼' ਪਾਕਿਸਤਾਨ ਦੀ ਹੀ ਸੁਣ ਲੈਣ। ਉਮੀਦ ਹੈ ਕਿ ਹੁਣ ਤਾਂ ਉਹਨਾਂ ਦੀਆਂ ਅੱਖਾਂ ਖੁੱਲ੍ਹਣਗੀਆਂ...'।

ਇਸ ਤੋਂ ਬਾਅਦ ਇਕ ਹੋਰ ਟਵੀਟ ਕਰਦਿਆਂ ਜੇਪੀ ਨੱਡਾ ਨੇ ਕਿਹਾ ਕਿ, 'ਕਾਂਗਰਸ ਅਪਣੇ ਹੀ ਸੁਰੱਖਿਆ ਬਲਾਂ ਨੂੰ ਕਮਜ਼ੋਰ ਕਰਨ ਦੀ ਮੁਹਿੰਮ ਵਿਚ ਲੱਗੀ ਰਹੀ। ਕਦੀ ਉਹਨਾਂ ਦਾ ਮਜ਼ਾਕ ਉਡਾਉਂਦੀ ਰਹੀ ਤਾਂ ਕਦੀ ਬਹਾਦਰੀ 'ਤੇ ਸ਼ੱਕ ਕਰਦੀ ਰਹੀ। ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਤਾਂ ਦੋ ਫੌਜ ਨੂੰ ਅਤਿ-ਅਧੁਨਿਕ ਰਾਫ਼ੇਲ ਨਾ ਮਿਲ ਸਕਣ। ਪਰ ਦੇਸ਼ ਵਾਸੀਆਂ ਨੇ ਅਜਿਹੀ ਰਾਜਨੀਤੀ ਨੂੰ ਨਕਾਰ ਕੇ ਕਾਂਗਰਸ ਨੂੰ ਸਖ਼ਤ ਸਬਕ ਸਿਖਾਇਆ ਹੈ। 

ਦੱਸ ਦਈਏ ਕਿ ਅਪਣੇ ਟਵੀਟ ਵਿਚ ਜੇਪੀ ਨੱਡਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਇਹ ਵੀਡੀਓ ਪਾਕਿਸਤਾਨ ਮੁਸਲਿਮ ਲੀਗ-ਏਨ ਦੇ ਨੇਤਾ ਆਯਾਜ਼ ਸਾਦਿਕ ਦੀ ਹੈ, ਜਿਸ ਵਿਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਭਾਰਤ ਪਾਕਿਸਤਾਨ 'ਤੇ ਹਮਲਾ ਕਰਨ ਵਾਲਾ ਸੀ। ਸਾਦਿਕ ਦੇ ਇਸ ਕਬੂਲਨਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।