ਈਡੀ ਮਾਮਲੇ 'ਚ ਝੂਠ ਬੋਲਣ ਤੇ ਕੈਪਟਨ ਅਮਰਿੰਦਰ ਪੰਜਾਬ ਵਾਸੀਆਂ ਤੋਂ ਮੰਗਣ ਮੁਆਫੀ : 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਾਲੇ ਕਾਨੂੰਨਾ ਨੂੰ ਬਣਾਉਣ ਵਿਚ ਬਾਦਲ ਟੱਬਰ ਦੀ ਸ਼ਮੂਲੀਅਤ ਕਾਰਨ ਹੀ ਲੋਕ ਕਰ ਰਹੇ ਹਨ ਸੁਖਬੀਰ ਬਾਦਲ ਦਾ ਵਿਰੋਧ- 'ਆਪ'

Captain Amarinder Singh - Harpal Singh Cheema

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਈਡੀ ਕੇਸ ਦੇ ਮਾਮਲੇ ਵਿੱਚ ਝੂਠ ਬੋਲਣ ਦਾ ਦੋਸ਼ ਲਗਾਓੁਦਿਆ ਕਿਹਾ ਹੈ ਕਿ ਈਡੀ ਵੱਲੋ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਨੂੰ ਦੁਬਾਰਾ ਤਲਬ ਕਰਨ ਤੋਂ ਬਾਅਦ ਕੈਪਟਨ ਦਾ ਝੂਠ ਬੇਨਕਾਬ ਹੋ ਗਿਆ ਹੈ ਕਿਉਂ ਜੋ ਉਨ੍ਹਾਂ ਨੇ ਜਨਤਕ ਤੌਰ ਤੇ ਇਹ ਕਿਹਾ ਸੀ ਕਿ ਆਮ ਆਦਮੀ ਪਾਰਟੀ ਉਨ੍ਹਾਂ ਖਿਲਾਫ ਦੁਰਪ੍ਰਚਾਰ ਕਰ ਰਹੀ ਹੈ ਕਿ ਉਨ੍ਹਾਂ ਦੇ ਟੱਬਰ ਖਲਿਾਫ ਈਡੀ ਦੇ ਕੇਸ ਬਾਕੀ ਹਨ।

'ਆਪ' ਨੇ ਇਸ ਮਾਮਲੇ ਵਿੱਚ ਸੂਬੇ ਦਾ ਮੁਖੀ  ਹੋ ਕੇ ਵੀ ਝੂਠ ਬੋਲਣ ਦੇ ਕਾਰਨ ਕੈਪਟਨ ਨੂੰ ਸਮੂਹ ਪੰਜਾਬ ਵਾਸੀਆਂ ਕੋਲੋਂ ਮੁਆਫੀ ਮੰਗਣ ਦੀ ਵੀ ਮੰਗ ਕੀਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠੇ ਹੋਏ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਸੀਆਂ ਨੂੰ ਸ਼ਰ੍ਹੇਆਮ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰ ਉੱਤੇ ਈਡੀ ਕੋਲ ਕੋਈ ਕੇਸ ਨਹੀਂ ਚੱਲ ਰਿਹਾ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਕਿਸਾਨਾਂ ਦੇ ਝੂਠੀ ਹਿਤੈਸ਼ੀ ਬਣਦੇ ਹੋਏ ਉਨ੍ਹਾਂ ਦੇ ਮੁੱਦੇ ਕੇਂਦਰ ਸਰਕਾਰ ਕੋਲ ਚੁੱਕਣ ਦਾ ਦਾਅਵਾ ਕਰ ਚੁੱਕੇ ਹਨ ਪ੍ਰੰਤੂ ਬਾਅਦ ਵਿਚ ਖੁਦ ਹੀ ਮੰਨ ਗਏ ਹਨ ਕਿ ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਕੋਈ ਵੀ ਕਿਸਾਨ ਸਬੰਧੀ ਮੁੱਦਾ ਨਹੀਂ ਵਿਚਾਰਿਆ ਗਿਆ ਸੀ। ਇਸ ਤੋਂ ਆਮ ਆਦਮੀ ਪਾਰਟੀ ਦਾ ਇਹ ਦਾਅਵਾ ਸੱਚ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨਾਲ ਸਿਰਫ਼ ਆਪਣੇ ਪਰਿਵਾਰ ਦੇ ਈਡੀ ਕੇਸਾਂ ਬਾਰੇ ਗੱਲ ਕਰਨ ਹੀ ਗਏ ਸਨ।

ਕੈਪਟਨ ਨੇ ਈਡੀ ਮਾਮਲੇ ਵਿਚੋਂ ਬਚਣ ਲਈ ਪੰਜਾਬ ਦੇ ਲੋਕਾਂ ਨੂੰ ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਕੋਲ ਵੇਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਜਦੋਂ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਹੁੰਦੇ ਸਨ ਤਾਂ ਉਸ ਨੂੰ ਲੋਕ 'ਗੱਪੀ' ਕਹਿੰਦੇ ਸਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਵੀ ਲੋਕਾਂ ਨੂੰ 'ਗੱਪ' ਮਾਰਨ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਇੰਨੇ ਉੱਚ ਅਹੁਦੇ ਉੱਤੇ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਵਿੱਚ ਪਾਉਣ ਦੇ ਮਨਸੂਬੇ ਨਾਲ ਝੂਠ ਬੋਲਣਾ ਕੈਪਟਨ ਨੂੰ ਸ਼ੋਭਾ ਨਹੀਂ ਦਿੰਦਾ।

ਉਨ੍ਹਾਂ ਮੰਗ ਕੀਤੀ ਕਿ ਖੇਤੀ ਪ੍ਰਧਾਨ ਸੂਬੇ ਦੇ ਮੁਖੀ ਹੋਣ ਦੇ ਨਾਤੇ ਕੈਪਟਨ ਆਪਣੇ ਫਾਰਮ ਹਾਊਸ ਵਿੱਚੋਂ ਬਾਹਰ ਨਿਕਲ ਕੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਨਾਲ ਗੱਲ ਕਰਕੇ ਕਾਲੇ ਕਾਨੂੰਨ ਵਾਪਸ ਕਰਵਾਉਣ। ਬੀਤੇ ਦਿਨੀਂ ਕਿਸਾਨਾਂ ਵੱਲੋਂ ਸੁਖਬੀਰ ਬਾਦਲ ਨੂੰ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ ਸਬੰਧੀ ਕਿਹਾ ਕਿ ਲੋਕ ਭਲੀਭਾਂਤੀ ਜਾਣੂ ਹਨ ਕਿ ਬਾਦਲ ਦਲ ਇਨ੍ਹਾਂ ਕਾਲੇ ਕਾਨੂੰਨਾਂ ਲਈ ਉਨ੍ਹਾਂ ਹੀ ਜ਼ਿੰਮੇਵਾਰ ਹੈ ਜਿੰਨੀ ਭਾਜਪਾ ਅਤੇ ਕਾਂਗਰਸ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣੂ ਹਨ ਕਿ ਕੈਪਟਨ ਨੇ ਹਾਈਪਾਵਰ ਕਮੇਟੀ ਵਿੱਚ ਕਾਲੇ ਕਾਨੂੰਨ ਦੀ ਹਮਾਇਤ ਕਰਕੇ ਲੋਕਾਂ ਵਿਰੁੱਧ ਭੁਗਤੇ ਸਨ ਅਤੇ ਬਾਦਲ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਦੀ ਮੈਂਬਰ ਹੁੰਦੇ ਹੋਏ ਇਨ੍ਹਾਂ ਕਾਨੂੰਨਾਂ ਉੱਤੇ ਦਸਤਖਤ ਕੀਤੇ ਸਨ। ਇਸ ਕਰਕੇ ਹੀ ਲੋਕ ਉਨ੍ਹਾਂ ਨੂੰ ਉਨ੍ਹਾਂ ਦੀ ਅਸਲੀ ਥਾਂ ਵਿਖਾ ਰਹੇ ਹਨ। ਪੰਜਾਬ ਦੇ ਕਿਸਾਨ ਹੁਣ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਲੋਕਤੰਤਰਿਕ ਢੰਗ ਨਾਲ ਵਿਰੋਧ ਕਰਨਾ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਅਤੇ ਧਰਮ ਦੇ ਨਾਂ ਤੇ ਵਰਗਲਾ ਕੇ ਸਰਕਾਰਾਂ ਬਣਾਉਣ ਵਾਲਾ ਬਾਦਲ ਦਲ ਹੁਣ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਗਿਰ ਚੁੱਕਾ ਹੈ।