‘ਮਹਾਯੁਤੀ’ ਨੇ ‘ਈ.ਵੀ.ਐਮ. ’ਚ ਛੇੜਛਾੜ ਕਰ ਕੇ’ ਮਹਾਰਾਸ਼ਟਰ ਚੋਣ ਜਿੱਤੀ : ਐਨ.ਸੀ.ਪੀ.-ਐਸ.ਪੀ.

ਏਜੰਸੀ

ਖ਼ਬਰਾਂ, ਰਾਜਨੀਤੀ

ਜਾਨਕਰ ਦੇ ਦਾਅਵਿਆਂ ਨੂੰ ਭਾਜਪਾ ਨੇਤਾ ਪ੍ਰਵੀਨ ਦਰੇਕਰ ਨੇ ਰੱਦ ਕਰ ਦਿਤਾ

Representative Image.

ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਤ ਚੰਦਰ ਪਵਾਰ (ਐਨ.ਸੀ.ਪੀ.-ਐਸ.ਪੀ.) ਦੇ ਵਿਧਾਇਕ ਉੱਤਮ ਜਾਨਕਰ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ‘ਮਹਾਯੁਤੀ’ ਗਠਜੋੜ ਨੇ ‘ਈ.ਵੀ.ਐਮ. ’ਚ ਛੇੜਛਾੜ ਕਰ ਕੇ’ ਮਹਾਰਾਸ਼ਟਰ ਵਿਧਾਨ ਸਭਾ ਚੋਣ ਜਿੱਤੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਾਲਾਂਕਿ ਇਸ ਦਾਅਵੇ ਨੂੰ ਰੱਦ ਕਰ ਦਿਤਾ। 

ਸੋਲਾਪੁਰ ਜ਼ਿਲ੍ਹੇ ਦੇ ਮਾਲਸ਼ਿਰਸ ਖੇਤਰ ’ਚ ਜਿੱਤ ਹਾਸਲ ਕਰਨ ਵਾਲੇ ਜਾਨਕਰ ਨੇ ਇਕ ਮਰਾਠੀ ਖ਼ਬਰੀ ਚੈਨਲ ਨਾਲ ਗੱਲਬਾਤ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਉਪ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਮੁਖੀ ਅਜੀਤ ਪਵਾਰ ਬਾਰਾਮਤੀ ਸੀਟ ’ਤੇ 20 ਹਜ਼ਾਰ ਵੋਟਾਂ ਤੋਂ ਹਾਰ ਗਏ ਸਨ। 
ਚੋਣ ਕਮਿਸ਼ਨ ਮੁਤਾਬਕ ਅਜੀਤ ਪਵਾਰ ਨੇ ਬਾਰਾਮਤੀ ’ਚ ਅਪਣੇ ਭਤੀਜੇ ਅਤੇ ਐਨ.ਸੀ.ਪੀ. ਉਮੀਦਵਾਰ ਯੁਗੇਂਦਰ ਪਵਾਰ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। 

ਜਾਨਕਰ ਦੇ ਦਾਅਵਿਆਂ ਨੂੰ ਭਾਜਪਾ ਨੇਤਾ ਪ੍ਰਵੀਨ ਦਰੇਕਰ ਨੇ ਰੱਦ ਕਰ ਦਿਤਾ। ਉਨ੍ਹਾਂ ਕਿਹਾ ਕਿ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਅਜੇ ਵੀ ਅਪਣੀ ਚੋਣ ਹਾਰ ਤੋਂ ਉਭਰ ਨਹੀਂ ਸਕੀ ਹੈ। ਐਮ.ਵੀ.ਏ. ’ਚ ਐਨ.ਸੀ.ਪੀ.-ਐਸ.ਪੀ., ਸ਼ਿਵ ਸੈਨਾ-ਯੂ.ਬੀ.ਟੀ. ਅਤੇ ਕਾਂਗਰਸ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਭਾਜਪਾ, ਐਨ.ਸੀ.ਪੀ. ਅਤੇ ਸ਼ਿਵ ਸੈਨਾ ਦੇ ਮਹਾਯੁਤੀ ਨੇ ਈ.ਵੀ.ਐਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ਨਾਲ ਛੇੜਛਾੜ ਕਰ ਕੇ ਚੋਣਾਂ ਜਿੱਤੀਆਂ।’’ ਦਰੇਕਰ ਨੇ ਕਿਹਾ, ‘‘ਜਾਨਕਰ ਦੀਆਂ ਟਿਪਣੀਆਂ ਬਚਕਾਨਾ ਹਨ। ਉਨ੍ਹਾਂ ਨੂੰ ਤੱਥਾਂ ਨਾਲ ਅਪਣੀ ਗੱਲ ਸਾਬਤ ਕਰਨੀ ਚਾਹੀਦੀ ਹੈ।’’

ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਮਹਾਯੁਤੀ ਨੇ 288 ਵਿਧਾਨ ਸਭਾ ਸੀਟਾਂ ’ਚੋਂ 230 ਸੀਟਾਂ ਜਿੱਤੀਆਂ ਸਨ। ਭਾਜਪਾ ਨੇ 132, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ 57 ਅਤੇ ਐਨ.ਸੀ.ਪੀ. ਨੇ 41 ਸੀਟਾਂ ਜਿੱਤੀਆਂ ਹਨ। ਐਮ.ਵੀ.ਏ. ਸਿਰਫ 46 ਸੀਟਾਂ ’ਤੇ ਸਿਮਟ ਗਈ ਸੀ।