ਕਪਿਲ ਸਿੱਬਲ ਦਾ ਜ਼ਮੀਨੀ ਘਪਲਾ ਰਾਹੁਲ ਨੂੰ ਪ੍ਰਵਾਨ ਹੈ? : ਸਮ੍ਰਿਤੀ ਇਰਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇਤਾ ਨੇ ਦੋਸ਼ ਲਾਇਆ ਕਿ ਸਾਬਕਾ ਕੇਂਦਰੀ ਮੰਤਰੀ ਨੇ ਕਿਵੇਂ ਘੱਟ ਪੈਸਿਆਂ ਵਿਚ ਜ਼ਮੀਨ ਖ਼ਰੀਦ ਕੇ ਨਾਜਾਇਜ਼ ਲਾਭ ਕਮਾਇਆ।

Smriti Irani

 ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦੋ ਰਸਾਲਿਆਂ ਦੇ ਲੇਖਾਂ ਦਾ ਹਵਾਲਾ ਦੇ ਕੇ ਕਾਂਗਰਸੀ ਨੇਤਾ ਕਪਿਲ ਸਿੱਬਲ ਵਿਰੁਧ ਕਾਲੇ ਧਨ ਦੇ ਦੋਸ਼ਾਂ ਅਤੇ ਸੀਬੀਆਈ ਜਾਂਚ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਨਾਲ ਆਰਥਕ ਲੈਣ-ਦੇਣ ਕਰਨ ਦਾ ਦੋਸ਼ ਲਾਇਆ ਹੈ ਅਤੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਇਹ ਸੱਭ ਕੁੱਝ ਪ੍ਰਵਾਨ ਕਰਦੇ ਹਨ? ਭਾਜਪਾ ਨੇਤਾ ਨੇ ਦੋਸ਼ ਲਾਇਆ ਕਿ ਸਾਬਕਾ ਕੇਂਦਰੀ ਮੰਤਰੀ ਨੇ ਕਿਵੇਂ ਘੱਟ ਪੈਸਿਆਂ ਵਿਚ ਜ਼ਮੀਨ ਖ਼ਰੀਦ ਕੇ ਨਾਜਾਇਜ਼ ਲਾਭ ਕਮਾਇਆ। ਇਰਾਨੀ ਨੇ ਭਾਜਪਾ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਦਸਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਇਹ ਸੱਭ ਕੁੱਝ ਪ੍ਰਵਾਨ ਹੈ ਅਤੇ ਕਪਿਲ ਸਿੱਬਲ ਵੀ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਜਦ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਐਸਬੀਆਈ ਦੇ ਇਕ ਅਫ਼ਸਰ ਨੂੰ ਰਿਸ਼ਵਤ ਦੇਣ ਦੇ ਸਬੰਧ ਵਿਚ ਸੀਬੀਆਈ ਜਾਂਚ ਕਰ ਰਹੀ ਸੀ। ਜਿਸ ਸ਼ਖ਼ਸ ਦਾ ਨਾਮ ਸਾਹਮਣੇ ਆਇਆ, ਉਹ ਵਰਲਡ ਵਿੰਡੋ ਗਰੁਪ ਦੇ ਚੇਅਰਪਰਸਨ ਪੀਯੂਸ਼ ਗੋਇਲ ਸਨ। ਦਖਣੀ ਅਫ਼ਰੀਕਾ ਦੇ ਖੋਜੀ ਪੱਤਰਕਾਰਾਂ ਨੇ ਦਾਅਵਾ ਕੀਤਾ ਕਿ ਇਹ ਵਿਅਕਤੀ ਕਾਲਾ ਧਨ ਕੇਸ ਵਿਚ ਸ਼ਾਮਲ ਪਾਇਆ ਗਿਆ। ਉਧਰ, ਕਾਂਗਰਸ ਨੇ ਕਿਹਾ ਕਿ ਉਹ ਮੋਦੀ ਕੋਲੋਂ ਪੁੱਛੇ ਕਿ ਉਹ ਮੇਹੁਲ ਚੌਕਸੀ ਨੂੰ ਕਿਵੇਂ ਜਾਣਦੇ ਹਨ? 

ਸਮਰਿਤੀ ਇਰਾਨੀ ਨੇ ਦੋਸ਼ ਲਾਇਆ ਕਿ ਹਿੰਦੁਸਤਾਨ ਦੀ ਵੈਬਸਾਈਟ ਅਤੇ ਇਕ ਹੋਰ ਲੇਖ ਵਿਚ ਸਟੋਰੀ ਲਿਖੀ ਹੈ ਜੋ ਕਪਿਲ ਸਿੱਬਲ ਨੂੰ ਵੱਡੇ ਸਵਾਲਾਂ ਦੇ ਘੇਰੇ ਵਿਚ ਲਿਆਉਂਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਇਹ ਸਵਾਲ ਉਠਦਾ ਹੈ ਕਿ ਜਿਸ ਵਿਅਕਤੀ ਵਿਰੁਧ ਕਾਲੇ ਧਨ ਦਾ ਦੋਸ਼ ਹੋਵੇ ਅਤੇ ਸੀਬੀਆਈ ਜਾਂਚ ਦਾ ਸਾਹਮਣਾ ਕੀਤਾ ਹੋਵੇ, ਉਸ ਨਾਲ ਸਿੱਬਲ ਨੂੰ ਆਰਥਕ ਲੈਣ-ਦੇਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਕਹਿ ਸਕਦੇ ਹਨ ਕਿ ਇਹ ਸਿੱਬਲ ਸਾਹਿਬ ਦਾ ਅਧਿਕਾਰ ਹੈ ਕਿ ਜਿਸ ਵਿਅਕਤੀ 'ਤੇ ਇਹ ਦੋਸ਼ ਹੋਵੇ ਤਾਂ ਉਸ ਨਾਲ ਕਾਰੋਬਾਰ ਕਰਨਾ ਅਪਰਾਧ ਨਹੀਂ ਪਰ ਵੱਡਾ ਸਵਾਲ ਹੈ ਕਿ ਇਹ ਸਾਰਾ ਕੁੱਝ ਰਾਹੁਲ ਨੂੰ ਪ੍ਰਵਾਨ ਹੈ? (ਏਜੰਸੀ)