ਮਨਪ੍ਰੀਤ ਸਿੰਘ ਬਾਦਲ ਵਲੋਂ ਠੋਕਵੇਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਈ ਜੀ ਦੇ ਭੋਗ 'ਤੇ ਸ਼੍ਰੋਮਣੀ ਕਮੇਟੀ ਵਲੋਂ ਲੰਗਰ ਦੇ ਸਬੂਤ ਤਾਂ ਮੇਰੇ ਕੋਲ ਹਨ ਹੀ, ਹੋਰ ਵੀ ਹੈ ਬੜਾ ਕੁੱਝ 

Manpreet Badal

''ਬਾਦਲ ਸਾਹਬ ਨਾਲ ਮੇਰੀ ਕੋਈ ਦੁਆ-ਸਲਾਮ ਤਾਂ ਨਹੀਂ ਰਹੀ, ਸੋ ਮੈਂ ਸਪੋਕਸਮੈਨ ਵੈੱਬ ਟੀ.ਵੀ. ਦੇ ਮਾਧਿਅਮ ਰਾਹੀਂ ਦਸ ਦੇਣਾ ਚਾਹੁੰਦਾਂ ਕਿ ਮੈਂ ਤਾਂ ਤੁਹਾਡੇ ਨਾਲ (ਸਿਆਸੀ ਸ਼ਰੀਕਾਂ ਅਤੇ ਵਿਰੋਧੀਆਂ)  ਸਿਆਸੀ ਲੜਾਈ ਲੜਨਾ ਚਾਹੁੰਦਾ ਹਾਂ ਪਰ ਹੁਣ ਸੁਖਬੀਰ, ਮਜੀਠੀਆ ਆਦਿ ਨੇ ਕੀਤੀ 'ਗੇਮ' ਚੇਂਜ- ਸੋ ਜਿਹੋ ਜਿਹੀ ਗੇਂਦ ਪਾਉਣਗੇ ਮੈਂ ਵੀ ਅਗਿਉਂ ਹੁਣ ਉਹੋ ਜਿਹਾ ਹੀ ਬੱਲਾ ਘੁੰਮਾਵਾਂਗਾ। ਜੇਕਰ ਇਨ੍ਹਾਂ ਨੂੰ ਕਿਰਦਾਰਕੁਸ਼ੀ ਤੇ ਇਲਜ਼ਾਮਤਰਾਸ਼ੀ ਦਾ ਹੱਕ ਹੈ ਤਾਂ ਇਹ ਹੱਕ ਮੈਨੂੰ ਵੀ ਹੈ।''

ਚੰਡੀਗੜ੍ਹ, 30 ਮਾਰਚ, (ਨੀਲ ਭਲਿੰਦਰ ਸਿੰਘ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ 'ਬਾਦਲ ਪਰਵਾਰ' ਬਾਰੇ ਕੀਤੇ ਨਿਜੀ ਪ੍ਰਗਟਾਵੇ ਬਾ-ਸਬੂਤ ਹਨ। ਇਸ ਗੱਲ ਦੀ ਪੁਸ਼ਟੀ ਵਿੱਤ ਮੰਤਰੀ ਨੇ 'ਸਪੋਕਸਮੈਨ ਵੈੱਬ ਟੀ.ਵੀ.' ਉਤੇ ਵਿਸ਼ੇਸ ਇੰਟਰਵਿਊ ਦੌਰਾਨ ਕੀਤੀ ਹੈ। ਉਨ੍ਹਾਂ ਅਪਣੇ ਚਚੇਰੇ ਭਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਕ ਤਾਜ਼ਾ  ਚੁਨੌਤੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਤਾਈ ਜੀ (ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਪਤਨੀ ਮਰਹੂਮ ਸੁਰਿੰਦਰ ਕੌਰ ਬਾਦਲ) ਦੀ ਮਰਗ ਦੇ ਭੋਗ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਲਗਾਇਆ ਗਿਆ ਹੋਣ ਦੇ ਸਬੂਤ ਤਾਂ ਉਨ੍ਹਾਂ ਕੋਲ  ਮੌਜੂਦ ਹੀ ਹਨ, ਬਲਕਿ ਹੋਰ ਵੀ ਬੜਾ ਕੁੱਝ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਲਗਦਾ ਹੈ ਕਿ ਲੰਗਰ ਦੀ ਕਿਹੜਾ ਕੋਈ ਪਰਚੀ ਹੁੰਦੀ ਹੈ। ਇਸੇ ਲਈ ਸੁਖਬੀਰ ਨੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਦੇ ਇਲਾਜ ਤੇ ਸਰਕਾਰੀ ਖ਼ਰਚ ਹੋਇਆ ਹੋਣ ਅਤੇ ਗੁੜਗਾਉਂ 'ਚ ਹੋਟਲ ਲਈ 18 ਕਿੱਲੇ ਲਏ ਗਏ ਹੋਣ ਦੇ ਦਸਤਾਵੇਜ਼ ਸਬੂਤ ਮੌਜੂਦ ਹੋਣ ਦੇ ਡਰੋਂ ਸਿਰਫ਼ ਭੋਗ ਮੌਕੇ ਲੰਗਰ ਦੇ ਮੁੱਦੇ ਨੂੰ ਹੀ ਚੁਨੌਤੀ ਦਿਤੀ ਹੈ। ਮਨਪ੍ਰੀਤ ਨੇ ਕਿਹਾ ਕਿ ਇਹ ਤਾਂ ਪਹਿਲਾਂ ਹੀ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਰੈਲੀ, ਜਲਸਿਆਂ ਸਣੇ ਅਨੰਦਪੁਰ ਸਾਹਿਬ, ਮਾਘੀ ਮੇਲੇ ਆਦਿ ਮੌਕੇ ਸਿਆਸੀ ਕਾਨਫ਼ਰੰਸਾਂ ਤਕ ਲੰਗਰ ਸ਼੍ਰੋਮਣੀ ਕਮੇਟੀ ਦੇ ਖਾਤੇ 'ਚੋਂ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਵੀ ਅਪਣੇ ਗਠਨ ਦੇ ਮਨਸ਼ੇ ਅਤੇ ਟੀਚੇ ਤੋਂ ਭਟਕ ਚੁਕੀ ਹੈ। ਸੰਗਤ ਅਤੇ ਏਨੇ ਵੱਡੇ ਚੜ੍ਹਾਵੇ ਤੇ ਚੱਲਣ ਵਾਲੀ ਇਹ ਸੰਸਥਾ (ਸ਼੍ਰੋਮਣੀ ਕਮੇਟੀ) 'ਇਕ ਸਿਆਸਤਦਾਨ' ਦੇ ਸ਼ਿਕੰਜੇ 'ਚ ਫੱਸ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਦੇ ਲੋਕਾਂ ਲਈ ਸਿਖਿਆ, ਸਿਹਤ ਅਤੇ ਅਜਿਹੇ ਕਈ ਹੋਰਨਾਂ ਖੇਤਰਾਂ 'ਚ ਵੱਡਾ ਯੋਗਦਾਨ ਪਾ ਸਕਦੀ ਹੈ, ਪਰ ਇਸ ਦੀ ਸਿਆਸੀ ਦੁਰਵਰਤੋਂ ਹੋ ਰਹੀ ਹੈ।

ਵਿੱਤ ਮੰਤਰੀ ਨੇ ਕਿਹਾ, ''ਪਰਕਾਸ਼ ਸਿੰਘ ਬਾਦਲ ਨਾਲ ਪਰਵਾਰਕ ਸਾਂਝ ਅੱਠ ਸਾਲ ਪਹਿਲਾਂ ਮਰ ਚੁੱਕੀ ਹੈ। ਉਸ ਤੋਂ ਪਹਿਲਾਂ ਵੀ ਵਿਧਾਨ ਸਭਾ ਚੋਣਾਂ 'ਚ ਤੋਤਾ ਸਿੰਘ, ਜਗੀਰ ਕੌਰ, ਬਲਵਿੰਦਰ ਸਿੰਘ ਭੂੰਦੜ ਜਿਹੇ ਅਕਾਲੀ ਦਿੱਗਜ ਹਾਰੇ ਅਤੇ ਸਿਕੰਦਰ ਸਿੰਘ ਮਲੂਕਾ ਵਰਗੇ ਕਈ ਹੋਰ ਪਹਿਲੀ ਵਾਰ ਵਿਧਾਇਕ ਬਣੇ ਮੰਤਰੀ ਬਣ ਰਹੇ ਸਨ ਤਾਂ 'ਮੇਰਾ (ਮਨਪ੍ਰੀਤ) ਤਿੰਨ ਵਾਰ ਦਾ ਵਿਧਾਇਕ ਹੋਣਾ ਉਸ ਮੌਕੇ ਵਿੱਤ ਮੰਤਰੀ ਬਣਨ ਵਾਸਤੇ ਕਾਫ਼ੀ ਸੀ ਅਤੇ ਹੁਣ ਕਾਂਗਰਸ ਨੇ ਵੀ ਮੈਨੂੰ ਮੇਰੀ ਕਾਬਲੀਅਤ ਦੇ ਅਧਾਰ ਤੇ ਵਿੱਤ ਮੰਤਰੀ ਬਣਾਇਆ ਹੈ। ਮੈਨੂੰ ਅੱਠ ਸਾਲ ਅਣਗੌਲਿਆਂ ਕਰਨ ਦੀ ਕੋਸ਼ਿਸ ਕੀਤੀ ਤੇ ਹੁਣ ਵੀ ਮੈਂ ਇਨ੍ਹਾਂ ਨਾਲ ਸਿਆਸੀ ਤੌਰ ਤੇ ਲੜਨਾ ਚਾਹੁੰਦਾ ਸੀ ਪਰ ਹੁਣ ਸੁਖਬੀਰ, ਮਜੀਠੀਆ ਨੇ 'ਗੇਮ' ਚੇਂਜ ਕੀਤੀ ਹੈ, ਸੋ ਜਿਹੋ ਜਿਹੀ ਗੇਂਦ ਪਾਉਣਗੇ ਮੈਂ ਵੀ ਹੁਣ ਉਹੋ ਜਿਹਾ ਹੀ ਬੱਲਾ ਘੁਮਾਵਾਂਗਾ।'' ਉਨ੍ਹਾਂ ਅੱਗੇ ਕਿਹਾ, ''ਮੈਨੂੰ ਸਿਆਸਤ 'ਚ ਆਇਆਂ 25ਵਾਂ ਸਾਲ ਸ਼ੁਰੂ ਹੋ ਗਿਆ ਹੈ। ਮੈਨੂੰ ਨਹੀਂ ਲਗਦਾ ਕਿ ਪੰਜਾਬ ਦੇ ਲੋਕ ਕਦੇ ਵੀ ਸੁਖਬੀਰ ਜਾਂ ਮਜੀਠੀਆ ਵਰਗਿਆਂ ਦੇ ਨਾਂ ਤੇ ਵੋਟਾਂ ਵੀ ਪਾਉਣਗੇ। ਇਨ੍ਹਾਂ ਨੂੰ ਲੋਕ ਕਚਿਹਰੀ 'ਚ ਤਾਂ ਪਹਿਲਾਂ ਹੀ ਐਸੀ ਮਾਰ ਪੈ ਚੁੱਕੀ ਹੈ ਕਿ ਪਹਿਲੀ ਵਾਰ ਅਕਾਲੀ ਦਲ ਬਤੌਰ ਮੁੱਖ ਵਿਰੋਧੀ ਧਿਰ ਵੀ ਵਿਧਾਨ ਸਭਾ 'ਚ ਬੈਠਣ ਜੋਗਾ ਨਹੀਂ ਰਿਹਾ। ਹੁਣ ਜਲਦ ਹੀ ਇਹ ਕਨੂੰਨੀ ਸ਼ਿਕੰਜੇ 'ਚ ਫਸਣਗੇ।''ਉਨ੍ਹਾਂ ਅਕਾਲੀ ਦਲ ਦੇ ਪਿਛਲੇ ਦਸ ਸਾਲਾ ਕਾਰਜਕਾਲ ਦੌਰਾਨ ਪੰਜਾਬ 'ਚ ਨਸ਼ਿਆਂ ਦੀ ਤਸਕਰੀ ਵਧਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਪਰਵਾਰ ਦੀ ਪੁਸ਼ਤਪਨਾਹੀ ਚਿੱਟੇ ਦੇ ਵਪਾਰੀਆਂ ਨੂੰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਨਸ਼ਾ ਤਸਕਰ ਜਗਦੀਸ਼ ਭੋਲਾ, ਐਨ.ਆਰ.ਆਈ. ਸਤਪ੍ਰੀਤ ਸੱਤਾ, ਗੱਡੀਆਂ ਗੰਨਮੈਨਾਂ ਦਾ ਜ਼ਿਕਰ ਅਤੇ ਬਿਆਨ ਆਉਣੇ ਮਹਿਜ਼ ਕੋਈ ਇਤਫ਼ਾਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਅਸਿੱਧੇ ਸਬੂਤ (ਸਰਕਮਸਟੈਂਸੀਅਲ ਐਵੀਡੈਂਸ) ਮੌਜੂਦ ਹਨ ਅਤੇ ਆਖ਼ਰ ਨੂੰ ਕਾਨੂੰਨ ਦੀ ਕਚਿਹਰੀ 'ਚ ਵੀ ਨਬੇੜਾ ਹੋਣਾ ਨਿਸ਼ਚਿਤ ਹੈ।ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਨੂੰ ਸੁਰੱਖਿਆ ਅਤੇ ਹੋਰ ਸਹੂਲਤਾਂ ਬਤੌਰ ਸਾਬਕਾ ਐਮ.ਪੀ., ਐਮ.ਐਲ.ਏ. ਰਹੇ ਹੋਣ ਵਜੋਂ ਸਿਸਟਮ ਵਲੋਂ ਪ੍ਰਦਾਨ ਕੀਤੀਆਂ ਗਈਆਂ। ਪਰਕਾਸ਼ ਸਿੰਘ ਬਾਦਲ ਦਾ ਪ੍ਰਵਾਰ ਸਮੁੱਚੇ ਸਿੱਖ ਜਗਤ ਦਾ ਸੱਭ ਤੋਂ ਅਮੀਰ ਪ੍ਰਵਾਰ ਬਣ ਚੁੱਕਾ ਹੈ, ਇਨ੍ਹਾਂ ਨੂੰ ਤਾਂ ਵੈਸੇ ਵੀ ਬਿਮਾਰੀਆਂ, ਇਲਾਜਾਂ ਦੇ ਖ਼ਰਚੇ ਸਰਕਾਰੀ ਖਾਤੇ 'ਚੋਂ ਨਹੀਂ ਸ਼ੋਭਦੇ।