ਅਖਿਲੇਸ਼-ਮਾਇਆਵਤੀ ਗਠਜੋੜ ਦਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਹਿਯੋਗੀ ਪਾਰਟੀਆਂ ਨੇ ਵਿਖਾਏ ਭਾਜਪਾ ਨੂੰ ਤੇਵਰ

Ram Vilas Paswan

 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਾਇਆਵਤੀ ਅਤੇ ਅਖਿਲੇਸ਼ ਯਾਦਵ ਵਿਚਕਾਰ ਹੋਣ ਜਾ ਰਹੇ ਗਠਜੋੜ ਤੋਂ ਭਾਜਪਾ ਦੇ ਨਾਲ-ਨਾਲ ਉਸ ਦੀਆਂ ਸਹਿਯੋਗੀ ਪਾਰਟੀਆਂ ਵੀ ਕਾਫ਼ੀ ਪ੍ਰੇਸ਼ਾਨ ਦਿਸ ਰਹੀਆਂ ਹਨ। ਕੇਂਦਰ ਸਰਕਾਰ ਵਿਚ ਮੰਤਰੀ ਅਤੇ ਆਰ.ਪੀ.ਆਈ. ਦੇ ਨੇਤਾ ਰਾਮਦਾਸ ਅਠਾਵਲੇ ਨੇ ਕਿਹਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 80 ਵਿਚੋਂ 71 ਸੀਟਾਂ ਜਿਤੀਆਂ ਸਨ ਪਰ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਮਿਲਣ ਨਾਲ ਉੱਤਰ ਪ੍ਰਦੇਸ਼ ਵਿਚ ਵੋਟਾਂ ਦਾ ਅੰਕ ਗਣਿਤ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਮਿਲ ਕੇ 25-30 ਸੀਟਾਂ ਜਿੱਤ ਸਕਦੀਆਂ ਹਨ ਅਤੇ ਭਾਜਪਾ ਨੂੰ ਅਗਲੀਆਂ ਚੋਣਾਂ 'ਚ 50 ਕੁ ਸੀਟਾਂ ਹੀ ਮਿਲਣਗੀਆਂ। ਹਾਲਾਂਕਿ ਉਨ੍ਹਾਂ ਕਿਹਾ ਕਿ ਕੇਂਦਰ 'ਚ ਅਗਲੀ ਸਰਕਾਰ ਵੀ ਐਨ.ਡੀ.ਏ. ਦੀ ਹੀ ਬਣੇਗੀ ਅਤੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ। ਰਾਜ ਸਭਾ ਚੋਣਾਂ ਵਿਚ ਮਿਲੀ 9ਵੀਂ ਸੀਟ 'ਤੇ ਹਾਰ ਤੋਂ ਬਾਅਦ ਮਾਇਆਵਤੀ ਨੇ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਸਪਾ-ਬਸਪਾ ਦਾ ਗਠਜੋੜ ਅਟੁੱਟ ਹੈ ਅਤੇ ਇਹ 2019 ਤਕ ਜਾਰੀ ਰਹੇਗਾ। ਭਾਜਪਾ ਦੀ ਕੋਸ਼ਿਸ਼ ਹੈ ਕਿ ਇਹ ਗਠਜੋੜ ਕਿਸੇ ਤਰ੍ਹਾਂ ਨਾ ਹੋ ਸਕੇ। ਪਰ ਫ਼ਿਲਹਾਲ ਭਾਜਪਾ ਇਸ ਕੋਸ਼ਿਸ਼ ਵਿਚ ਸਫ਼ਲ ਹੁੰਦੀ ਵਿਖਾਈ ਨਹੀਂ ਦੇ ਰਹੀ।

ਦੂਜੇ ਪਾਸੇ ਭਾਜਪਾ ਦੀ ਇਕ ਹੋਰ ਸਹਿਯੋਗੀ ਪਾਰਟੀ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਭਾਜਪਾ ਦੇ ਮੁਸਲਿਮ ਵਿਰੋਧੀ ਅਕਸ ਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਪੈ ਸਕਦਾ ਹੈ। ਕੇਂਦਰੀ ਮੰਤਰੀ ਪਾਸਵਾਨ ਨੇ ਮੋਦੀ ਸਰਕਾਰ ਦੇ ਇਕ ਹੋਰ ਕਾਰਜਕਾਲ ਦੀ ਗੱਲ ਤਾਂ ਆਖੀ ਪਰ ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ ਨੂੰ ਅਪਣਾ ਅਕਸ ਸੁਧਾਰਨਾ ਹੋਵੇਗਾ ਕਿਉਂਕਿ ਇਸ ਦਾ ਅਕਸ ਮੁੱਖ ਤੌਰ 'ਤੇ ਆਮ ਵਰਗ ਤਕ ਹੀ ਸੀਮਤ ਹੈ।
ਪਾਸਵਾਨ ਨੇ ਅਪਣੀ ਇੰਟਰਵਿਊ ਵਿਚ ਕਿਹਾ ਕਿ ਜੋ ਕੁੱਝ ਵੀ ਸਰਕਾਰ ਕਰ ਰਹੀ ਹੈ, ਉਹ ਸਾਰਿਆਂ ਲਈ ਕੀਤਾ ਜਾ ਰਿਹਾ ਹੈ। ਇਸ ਵਿਚ ਘੱਟ ਗਿਣਤੀ ਸਮਾਜ ਦੇ ਲੋਕ ਵੀ ਸ਼ਾਮਲ ਹਨ। ਉਸ ਨੇ ਬਹੁਤ ਕੁੱਝ ਕੀਤਾ ਹੈ ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਲੋਕਾਂ ਦੀ ਰਾਇ ਘੱਟ ਗਿਣਤੀਆਂ ਅਤੇ ਸਮਾਜਕ ਤੌਰ ਤੇ ਪਛੜਿਆਂ ਨੂੰ ਲੈ ਕੇ ਨਹੀਂ ਬਦਲ ਰਹੀ। (ਏਜੰਸੀਆਂ)