...ਜਦ ਸੰਤਰੀਆਂ ਨੇ ਐਸਐਸਪੀ ਲਈ ਥਾਣਿਆਂ ਦੇ ਗੇਟ ਨਾ ਖੋਲ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਿਆਂ ਦੀ ਚੈਕਿੰਗ ਲਈ ਅੱਧੀ ਰਾਤ ਨੂੰ ਆਮ ਕਪੜੇ ਪਾ ਕੇ ਨਿਕਲੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਿਟੀ ਤੇ ਸਦਰ ਥਾਣਿਆਂ ਦੇ ਸੰਤਰੀਆਂ ਨੇ ਸਖ਼ਤੀ ਨਾਲ ਡਿਊਟੀ ਨਿਭਾਉਂਦਿਆਂ ਅੰਦਰ

SSP

ਕੋਟਕਪੂਰਾ, 5 ਅਗੱਸਤ (ਗੁਰਿੰਦਰ ਸਿੰਘ) : ਥਾਣਿਆਂ ਦੀ ਚੈਕਿੰਗ ਲਈ ਅੱਧੀ ਰਾਤ ਨੂੰ ਆਮ ਕਪੜੇ ਪਾ ਕੇ ਨਿਕਲੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਿਟੀ ਤੇ ਸਦਰ ਥਾਣਿਆਂ ਦੇ ਸੰਤਰੀਆਂ ਨੇ ਸਖ਼ਤੀ ਨਾਲ ਡਿਊਟੀ ਨਿਭਾਉਂਦਿਆਂ ਅੰਦਰ ਨਹੀਂ ਵੜਨ ਦਿਤਾ। ਸਦਰ ਅਤੇ ਸਿਟੀ ਥਾਣਿਆਂ 'ਚ ਸੰਤਰੀ ਦੀ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਭੇਸ ਬਦਲ ਕੇ ਆਏ ਐਸਐਸਪੀ ਨਾਨਕ ਸਿੰਘ ਨੂੰ ਅੰਦਰ ਜਾਣ ਤੋਂ ਵਰਜਦਿਆਂ ਆਖਿਆ ਕਿ ਥਾਣੇ ਦੀ ਚਾਬੀ ਸਹਾਇਕ ਮੁਨਸ਼ੀ ਕੋਲ ਹੈ, ਤੁਸੀ ਬਾਹਰ ਰੁਕੋ ਤੇ ਮੁਨਸ਼ੀ ਨੂੰ ਸੁਚਿਤ ਕਰਨ ਤੋਂ ਬਾਅਦ ਚਾਬੀ ਲਿਆ ਕੇ ਜਿੰਦਰਾ ਖੋਲ੍ਹਿਆ ਜਾਵੇਗਾ। ਐਐਸਪੀ ਨੇ ਠੀਕ ਢੰਗ ਨਾਲ ਡਿਊਟੀ ਨਿਭਾਉਣ ਲਈ ਸਦਰ ਥਾਣੇ 'ਚ ਸੰਤਰੀ ਦੀ ਡਿਊਟੀ 'ਤੇ ਤੈਨਾਤ ਹੋਮਗਾਰਡ ਜਵਾਨ ਭਾਗ ਸਿੰਘ ਅਤੇ ਸਹਾਇਕ ਮੁਨਸ਼ੀ ਵਜੋਂ ਡਿਊਟੀ ਦੇ ਰਹੇ ਕਾਂਸਟੇਬਲ ਪਰਮਿੰਦਰ ਸਿੰਘ ਤੇ ਹੌਲਦਾਰ ਹਰਪਾਲ ਸਿੰਘ ਨੂੰ ਪ੍ਰਸ਼ੰਸਾ ਪੱਤਰ ਦਿਤੇ ਗਏ ਜਦਕਿ ਸਿਟੀ ਥਾਣੇ ਦੇ ਹੌਲਦਾਰ ਗੁਲਾਬ ਸਿੰਘ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸ਼ਾਬਾਸ਼ ਦਿਤੀ। ਇਸ ਤੋਂ ਇਲਾਵਾ ਅਣਗਹਿਲੀ ਵਰਤਣ ਵਾਲੇ ਹੌਲਦਾਰ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
ਰਾਤ ਕਰੀਬ ਸਾਢੇ 12 ਵਜੇ ਤੋਂ 2 ਵਜੇ ਤਕ ਪਹਿਲਾਂ ਫ਼ਰੀਦਕੋਟ ਦੇ ਸਿਟੀ ਅਤੇ ਸਦਰ ਥਾਣਿਆਂ ਦੀ ਚੈਕਿੰਗ ਕੀਤੀ ਗਈ ਤੇ ਫਿਰ ਸ਼ਹਿਰ ਦੇ ਨਿਸ਼ਚਿਤ ਮਾਰਗਾਂ 'ਤੇ ਲੱਗੇ ਨਾਕਿਆਂ 'ਤੇ ਚੈਕਿੰਗ ਕੀਤੀ ਗਈ ਅਤੇ ਬਾਅਦ 'ਚ ਕੋਟਕਪੂਰੇ ਦੇ ਦੋਹਾਂ ਥਾਣਿਆਂ ਦੀ ਭੇਸ ਬਦਲ ਕੇ ਸਿਵਲ ਵਰਦੀ 'ਚ ਚੈਕਿੰਗ ਕੀਤੀ ਗਈ। ਐਸਐਸਪੀ ਨੇ ਸਥਾਨਕ ਬੱਤੀਆਂ ਵਾਲੇ ਚੌਕ 'ਚ ਨਾਕੇ ਦੌਰਾਨ ਡਿਊਟੀ 'ਚ ਅਣਗਹਿਲੀ ਕਰਨ ਅਤੇ ਪੂਰੀ ਵਰਦੀ ਨਾ ਪਾਉਣ ਦੇ ਦੋਸ਼ 'ਚ ਇਕ ਹੌਲਦਾਰ ਨੂੰ ਮੁਅੱਤਲ ਕਰ ਦਿਤਾ।
ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਡਿਊਟੀ ਯਕੀਨੀ ਬਣਾਉਣ ਲਈ ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਚਾਰ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇਣ ਅਤੇ ਇਕ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਚਨਚੇਤ ਚੈਕਿੰਗ ਕਰਨ ਵਾਲੀ ਇਹ ਮੁਹਿੰਮ ਭਵਿੱਖ 'ਚ ਵੀ ਜਾਰੀ ਰਹੇਗੀ।