ਕਾਂਗਰਸ ਨੇ ਹਮੇਸ਼ਾ ਦੇਸ਼ ਤੇ ਸੂਬੇ ਦੀ ਅਮਨ ਸ਼ਾਂਤੀ ਲਈ ਕਾਰਜ ਕੀਤੇ : ਰਾਜਾ ਵੜਿੰਗ
ਰਾਜਾ ਵੜਿੰਗ ਨੇ ਜਲੰਧਰ ਸ਼ਹਿਰੀ ਇਲਾਕੇ 'ਚ ਭਾਜਪਾ ਤੇ 'ਆਪ' ਨੂੰ ਕੀਤੇ ਤਿੱਖੇ ਸਵਾਲ
ਜਲੰਧਰ : ਲੋਕ ਸਭਾ ਹਲਕਾ ਜਲੰਧਰ ਵਿਖੇ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਰਡ ਨੰ.27 ਦੇ ਮਾਡਲ ਟਾਊਨ ਪੁੱਜੇ, ਜਿੱਥੇ ਅਮਨ ਅਰੋੜਾ ਤੇ ਅਰੁਨਾ ਅਰੋੜਾ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾਂ ਨਾਲ ਸਾਬਕਾ ਮੰਤਰੀ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇਪੀ, ਕਾਂਗਰਸ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ, ਆਦਿ ਆਗੂ ਹਾਜ਼ਰ ਸਨ।
ਰਾਜਾ ਵੜਿੰਗ ਨੇ ਆਪਣੇ ਸੰਬੋਧਨ 'ਚ ਕੇਂਦਰ ਤੇ ਸੂਬਾ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 9 ਸਾਲਾਂ 'ਚ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ, ਉਲਟਾ ਨੋਟਬੰਦੀ ਤੇ ਜੀਐਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਰਥਿਕ ਤੋਰ 'ਤੇ ਕਮਜ਼ੋਰ ਕੀਤਾ, ਜਿਸ ਦੀ ਤਾਜਾ ਮਿਸਾਲ ਪੈਟਰੋਲ/ਡੀਜ਼ਲ, ਡਾਲਰ, ਗੈਸ ਸਿਲੰਡਰ, ਘਰ ਦੀ ਰਸੋਈ ਦੀਆਂ ਕੀਮਤਾਂ ਸਭ ਦੇ ਸਾਹਮਣੇ ਹਨ, ਇਸ ਦੇ ਨਾਲ ਇੱਕ ਹੰਕਾਰੇ ਹੋਏ ਸਾਸ਼ਕ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਅੰਦਲੋਨ ਕਰਨ 'ਤੇ ਮਜ਼ਬੂਰ ਕੀਤਾ, ਜਿਸ 'ਚ 700 ਕਿਸਾਨਾਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪਈ ਪਰ ਕਿਸਾਨਾਂ ਨੇ ਅੰਦੋਲਨ ਠੰਡਾ ਨਹੀਂ ਪੈਣ ਦਿੱਤਾ ਤੇ ਆਖਰਕਾਰ ਹੰਕਾਰੀ ਸ਼ਾਸਕ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ।
ਉਹਨਾਂ ਕਿਹਾ ਕਿ ਭਾਜਪਾ ਵਾਂਗ ਹੀ ਆਮ ਆਦਮੀ ਪਾਰਟੀ ਦੇ ਸ਼ਾਸਕ ਹਨ, ਭਾਵੇਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਇੱਕ ਪਾਸੇ ਜਿੱਥੇ ਭਾਜਪਾ ਨੇ ਕਿਸਾਨਾਂ ਦਾ ਨੁਕਸਾਨ ਕੀਤਾ, ਉਸੇ ਤਰ੍ਹਾਂ ਦਾ ਵਾਕਿਆ ਲਤੀਫਪੁਰ ਵਿਖੇ ਵਾਪਰਿਆ, ਜਿੱਥੇ ਲੋਕ ਬੇਘਰ ਕਰ ਦਿੱਤੇ, ਇਸੇ ਤਰ੍ਹਾਂ ਕਾਨੂੰਨ ਵਿਵਸਥਾ ਕਾਰਨ ਸਿੱਧੂ ਮੂਸੇਵਾਲਾ, ਨੰਗਲ ਅੰਬੀਆਂ ਸਮੇਤ ਵੱਖ-ਵੱਖ ਅਪਰਾਧਾਂ ਕਾਰਨ ਪੰਜਾਬ ਦੇ ਲੋਕ ਸਹਿਮੇ ਹੋਏ ਹਨ, ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਸੂਬੇ ‘ਚ ਮੌਜੂਦਾ ਸਰਕਾਰ ਨੇ ਅਜਿਹੇ ਹਲਾਤ ਬਣਾ ਦਿੱਤੇ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਤੇ ਸੂਬੇ ਦੀ ਅਮਨ ਸ਼ਾਂਤੀ ਲਈ ਕਾਰਜ ਕੀਤੇ ਹਨ ਤੇ ਅੱਗੇ ਵੀ ਕਾਰਜਸ਼ੀਲ ਰਹੇਗੀ, ਇਸ ਦੇ ਨਾਲ ਕਾਂਗਰਸ ਸਰਕਾਰ ਸਮੇਂ ਛੋਟੇ-ਵਪਾਰੀ ਖੁਸ਼ ਰਹਿੰਦੇ ਸਨ ਪਰ ਅੱਜ ਹਰ ਪਾਸੇ ਡਰ ਦਾ ਮਾਹੌਲ ਹੈ, ਇਸ ਲਈ ਅੱਜ ਲੋੜ ਹੈ ਸੂਬੇ ਨੂੰ ਡਰ ਦੇ ਮਾਹੌਲ ‘ਚੋਂ ਕੱਢੀਏ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਜਿਤਾ ਕੇ ਸੂਬਾ ਤੇ ਕੇਂਦਰ ਸਰਕਾਰ ਨੂੰ ਸਬਕ ਸਿਖਾਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ, ਵਿਕੇ ਕੋਚਲਾ, ਵਿਪਨ ਤਨੇਜਾ, ਅੰਮ੍ਰਿਤਪਾਲ, ਅਕਾਸ਼ ਕਪੂਰ, ਸ਼ੇਰ ਪਾਰਤੀ, ਗੁਰਜੀਤ ਵਾਲੀਆ, ਗੀਤਰਤਨ ਖਹਿਰਾ, ਨਿਸ਼ਾਂਤ ਘਈ, ਲਵਲੀ ਚੰਦੀ, ਜੌਨੀ ਚੌਹਾਨ, ਭੁਪਿੰਦਰ ਜੌਲੀ, ਸੁਖਜੀਤ ਚੀਮਾ, ਜਸਦੀਪ ਸਿੰਘ, ਸ਼ੈਲੀਨ ਜੋਸ਼ੀ, ਰਮੇਸ਼, ਸੇਵਕ, ਤਜਿੰਦਰ, ਲਾਲੀ ਘੁੰਮਣ, ਰਾਜੂ ਡਿਪਸ ਆਦਿ ਹਾਜ਼ਰ ਸਨ।