‘ਇੰਡੀਆ’ ਗਠਜੋੜ ’ਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਕੇਜਰੀਵਾਲ! ਜਾਣੋ, ਆਪ’ ਬੁਲਾਰਿਆਂ ਨੇ ਕੀ ਕਿਹਾ

ਏਜੰਸੀ

ਖ਼ਬਰਾਂ, ਰਾਜਨੀਤੀ

‘ਆਪ’ ਬੁਲਾਰਾ ਨੇ ਕੇਜਰੀਵਾਲ ਨੂੰ ‘ਇੰਡੀਆ’ ਗਠਜੋੜ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦੀ ਪੈਰਵੀ ਕੀਤੀ

Arvind Kejriwal

ਦਿੱਲੀ ਸਰਕਾਰ ’ਚ ਕੈਬਨਿਟ ਮੰਤਰੀ ਨੇ ਕੁਝ ਘੰਟਿਆਂ ਬਾਅਦ ਹੀ ਸਪੱਸ਼ਟ ਕੀਤਾ ਕਿ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਛਾ ਨਹੀਂ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਦੋ ਆਗੂਆਂ ਨੇ ਵਿਰੋਧੀ ਗਠਜੋੜ ‘ਇੰਡੀਆ’ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਅਰਵਿੰਦਰ ਕੇਜਰੀਵਾਲ ਦੇ ਨਾਂ ਦੀ ਪੈਰਵੀ ਕਰਦਿਆਂ ਬੁਧਵਾਰ ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ’ਚ ਉਨ੍ਹਾਂ ਨੇ ਅਜਿਹਾ ਮਾਡਲ ਦਿਤਾ ਹੈ ਜਿਸ ਨਾਲ ਪੂਰੇ ਦੇਸ਼ ਨੂੰ ਲਾਭ ਮਿਲ ਸਕਦਾ ਹੈ। 

ਇਸ ਤੋਂ ਕੁਝ ਘੰਟਿਆਂ ਬਾਅਦ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਸਪੱਸ਼ਟ ਕਰ ਦਿਤਾ ਕਿ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਇੱਛਾ ਨਹੀਂ ਹੈ। 
ਇਹ ਟਿਪਣੀਆਂ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ’ (ਇੰਡੀਆ) ਦੀ ਮੁੰਬਈ ’ਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਆਈਆਂ ਹਨ ਜਿਸ ’ਚ ਵਿਰੋਧੀ ਆਗੂਆਂ ਨੇ 2024 ਲਈ ਲੋਕ ਸਭਾ ਚੋਣਾਂ ’ਚ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦਾ ਮੁਕਾਬਲਾ ਕਰਨ ਲਈ ਸਾਂਝੀ ਪ੍ਰਚਾਰ ਰਣਨੀਤੀ ਅਤੇ ਅਪਣੇ ਮੈਂਬਰਾਂ ਵਿਚਕਾਰ ਮਤਭੇਦਾਂ ਨੂੰ ਹੱਲ ਕਰਨ ’ਤੇ ਚਰਚਾ ਕਰਨ ਦੀ ਸੰਭਾਵਨਾ ਹੈ। 

ਇਹ ਪੁੱਛੇ ਜਾਣ ’ਤੇ ਕਿ ਕੀ ‘ਇੰਡੀਆ’ ਗਠਜੋੜ ਲਈ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕਿਸ ਨੂੰ ਹੋਣਾ ਚਾਹੀਦਾ ਹੈ, ਇਸ ’ਤੇ ‘ਆਪ’ ਦੀ ਮੁੱਖ ਮੌਕੀ ਬੁਲਾਰਾ ਪ੍ਰਿਅੰਕਾ ਕੱਕੜ ਨੇ ਕਿਹਾ, ‘‘ਇਕ ਬੁਲਾਰਾ ਹੋਣ ਨਾਤੇ ਮੈਂ ਅਪਣੇ ਕੌਮੀ ਕਨਵੀਨਰ ਅਰਵਿੰਦ ਕੇਜਰਵਾਲ ਦੇ ਨਾਂ ਦੀ ਪੇਸ਼ਕਸ਼ ਕਰਾਂਗੀ।’’

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਹਮੇਸ਼ਾ ਲੋਕਾਂ ਦੇ ਮੁੱਦੇ ਚੁੱਕੇ ਹਨ ਅਤੇ ‘ਅਜਿਹਾ ਮਾਡਲ ਦਿਤਾ ਹੈ’ ਜਿਸ ਨਾਲ ਦਿੱਲੀ ’ਚ ਮਹਿੰਗਾਈ ਘੱਟ ਤੋਂ ਘੱਟ ਰਹੀ ਹੈ। 
‘ਆਪ’ ਦੀ ਮੁੱਖ ਬੁਲਾਰਾ ਨੇ ਕਿਹਾ, ‘‘ਉਨ੍ਹਾਂ ਨੇ ਅਜਿਹਾ ਮਾਡਲ ਦਿਤਾ ਹੈ ਜਿਸ ਨਾਲ ਲੋਕਾਂ ਨੂੰ ਫ਼ਾਇਦਾ ਮਿਲਿਆ ਹੈ। ਮੈਂ ਚਾਹਾਂਗੀ ਕਿ ਅਜਿਹਾ ਹੋਵੇ, ਪਰ ਫੈਸਲਾ ਮੇਰੇ ਹੱਥਾਂ ’ਚ ਨਹੀਂ ਹੈ।’’

ਜਦੋਂ ‘ਆਪ’ ਦਿੱਲੀ ਦੇ ਕਨਵੀਨਰ ਅਤੇ ਵਾਤਾਵਰਣ ਮੰਤਰੀ ਗੋਪਾਲ ਰਾਏ ਤੋਂ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਹਰ ਪਾਰਟੀ ਚਾਹੁੰਦੀ ਹੈ ਕਿ ਉਸ ਦਾ ਆਗੂ ਪ੍ਰਧਾਨ ਮੰਰਤੀ ਬਣੇ। ‘ਆਪ’ ਮੈਂਬਰ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੌਮੀ ਕਨਵੀਨਰ ਪ੍ਰਧਾਨ ਮੰਤਰੀ ਬਣਨ। ‘ਇੰਡੀਆ’ ਗਠਜੋੜ ਦੇ ਸਾਰੇ ਮੈਂਬਰ ਬੈਠਕ ਕਰਨਗੇ ਅਤੇ ਜੋ ਵੀ ਫੈਸਲਾ ਹੋਵੇਗਾ, ਅਸੀਂ ਉਸ ਦੇ ਅਨੁਸਾਰ ਅੱਗੇ ਵਧਾਂਗੇ।’’

ਇਹ ਪੁੱਛੇ ਜਾਣ ’ਤੇ ਕਿ ਕੀ ‘ਆਪ’ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਕੇਜਰੀਵਾਲ ਦੇ ਨਾਂ ਦੀ ਪੇਸ਼ਕਸ਼ ਕਰੇਗੀ, ਉਨ੍ਹਾਂ ਕਿਹਾ, ‘‘ਨਾਂ ਦੇਣ ਵਰਗਾ ਕੁਝ ਨਹੀਂ ਹੈ। ਅਸੀਂ ਉਸ ਦਾ ਹਿੱਸਾ ਹਾਂ, ਅਰਵਿੰਦ ਕੇਜਰੀਵਾਲ ਗਠਜੋੜ ਦਾ ਹਿੱਸਾ ਹਨ।’’

ਹਾਲਾਂਕਿ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਨਹੀਂ ਹਨ। ਕੱਕੜ ਦੀਆਂ ਟਿਪਣੀਆਂ ’ਤੇ ਸਵਾਲ ਦੇ ਜਵਾਬ ’ਚ ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਨੇ ਕਿਹਾ, ‘‘ਮੈਂ ਅਧਿਕਾਰਤ ਤੌਰ ’ਤੇ ਕਹਿ ਰਿਹਾ ਹਾਂ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਨਹੀਂ ਹਨ।’’

ਕੱਕੜ ਦੀਆਂ ਟਿਪਣੀਆਂ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦਸਦੇ ਹੋਏ ਆਤਿਸ਼ੀ ਨੇ ਕਿਹਾ, ‘‘ਉਹ ਸੰਵਿਧਾਨ, ਲੋਕਤੰਤਰ ਅਤੇ ਦੇਸ਼ ਦੀ ਰਾਖੀ ਲਈ ਭਾਰਤ ਗਠਜੋੜ ਵਿਚ ਸ਼ਾਮਲ ਹੋਏ ਹਨ।’’

ਪਿਛਲੇ ਸਾਲ ਨੂੰ ਦਿਤੇ ਇਕ ਇੰਟਰਵਿਊ ’ਚ, ‘ਆਪ’ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਸੀ, ‘‘ਇਕ ਮੌਕਾ ਕੇਜਰੀਵਾਲ ਨੂੰ’, ਇਹ ਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।’’

ਸਿਸੋਦੀਆ ਨੇ ਕਿਹਾ ਸੀ, ‘‘ਲੋਕ ਕੇਜਰੀਵਾਲ ਨੂੰ 2024 ’ਚ ਨਰਿੰਦਰ ਮੋਦੀ ਦੇ ਬਦਲ ਵਜੋਂ ਵੇਖਦੇ ਹਨ ਕਿਉਂਕਿ ਉਹ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੀ ਗੱਲ ਕਰਦੇ ਹਨ।’’