ਬਸਪਾ ਅਪਣੇ ਦਮ ’ਤੇ ਲੜੇਗੀ ਲੋਕ ਸਭਾ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ : ਮਾਇਆਵਤੀ
ਕਿਹਾ, ਐਨ.ਡੀ.ਏ. ਅਤੇ ‘ਇੰਡੀਆ’ ਗਠਜੋੜ ਗ਼ਰੀਬ-ਵਿਰੋਧੀ, ਜਾਤੀਵਾਦੀ, ਫ਼ਿਰਕੂ, ਧੰਨਾਸੇਠ-ਹਮਾਇਤੀ ਅਤੇ ਪੂੰਜੀਵਾਦੀ ਨੀਤੀਆਂ ਵਾਲੀਆਂ ਪਾਰਟੀਆਂ ਹਨ
ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਬੁਧਵਾਰ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਚਾਰ ਸੂਬਿਆਂ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਅਤੇ ਅਗਲੀਆਂ ਲੋਕ ਸਭਾ ਚੋਣਾਂ ਅਪਣੇ ਦਮ ’ਤੇ ਲੜਨ ਦਾ ਐਲਾਨ ਕੀਤਾ।
ਮਾਇਆਵਤੀ ਨੇ ਸੋਸ਼ਲ ਨੈੱਟਵਰਕਿੰਗ ਮੰਚ ‘ਐਕਸ’ ’ਤੇ ਕੀਤੇ ਸਿਲਸਿਲੇਵਾਰ ਪੋਸਟ ’ਚ ਕਿਹਾ, ‘‘ਐਨ.ਡੀ.ਏ. (ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗਠਜੋੜ) ਅਤੇ ਇੰਡੀਆ (ਵਿਰੋਧੀ ਪਾਰਟੀਆਂ ਦਾ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ) ਗਠਜੋੜ ਜ਼ਿਆਦਾਤਰ ਗ਼ਰੀਬ-ਵਿਰੋਧੀ, ਜਾਤੀਵਾਦੀ, ਫ਼ਿਰਕੂ, ਧੰਨਾਸੇਠ-ਹਮਾਇਤੀ ਅਤੇ ਪੂੰਜੀਵਾਦੀ ਨੀਤੀਆਂ ਵਾਲੀਆਂ ਪਾਰਟੀਆਂ ਹਨ ਜਿਨ੍ਹਾਂ ਦੀਆਂ ਨੀਤੀਆਂ ਵਿਰੁਧ ਬਸਪਾ ਲਗਾਤਾਰ ਸੰਘਰਸ਼ ਕਰ ਰਹੀ ਹੈ ਅਤੇ ਇਸੇ ਲਈ ਇਨ੍ਹਾਂ ਨਾਲ ਗਠਜੋੜ ਕਰ ਕੇ ਚੋਣਾਂ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਮੀਡੀਆ ਨੂੰ ਅਪੀਲ- ਨੋ ਫ਼ੇਕ ਨਿਊਜ਼ ਪਲੀਜ਼।’’
ਉਨ੍ਹਾਂ ਇਕ ਹੋਰ ਪੋਸਟ ’ਚ ਕਿਹਾ, ‘‘ਬਸਪਾ 2007 ਵਾਂਗ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਵਿਰੋਧੀਆਂ ਦੇ ਜੁਗਾੜ/ਹੇਰਾਫੇਰੀ ਦੀ ਬਜਾਏ ਆਪਸੀ ਭਾਈਚਾਰਕ ਸਾਂਝ ਦੇ ਆਧਾਰ ’ਤੇ ਕਰੋੜਾਂ ਅਣਗੌਲੇ/ਬਿਖਰੇ ਹੋਏ ਸਮਾਜ ਨੂੰ ਜੋੜ ਕੇ ਇਕੱਲੇ ਲੜੇਗੀ।’’
ਮਾਇਆਵਤੀ ਨੇ ਅੱਗੇ ਕਿਹਾ, ‘‘ਵੈਸੇ ਤਾਂ ਇਥੇ ਹਰ ਕੋਈ ਬਸਪਾ ਨਾਲ ਗਠਜੋੜ ਲਈ ਉਤਸੁਕ ਹੈ, ਪਰ ਅਜਿਹਾ ਨਾ ਕਰਨ ’ਤੇ ਵਿਰੋਧੀ ਪਾਰਟੀਆਂ ਸਾਡੇ ’ਤੇ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦੀਆਂ ਹਨ। ਇਹ ਘੋਰ ਬੇਇਨਸਾਫੀ ਹੈ ਅਤੇ ਜੇਕਰ ਤੁਹਾਨੂੰ ਅੰਗੂਰ ਮਿਲੇ ਤਾਂ ਚੰਗੀ ਗੱਲ ਹੈ। ਨਹੀਂ ਤਾਂ ਅੰਗੂਰ ਖੱਟੇ ਹਨ ਕਹਾਵਤ ਵਰਗੀ ਗੱਲ ਹੈ।’’
ਜ਼ਿਕਰਯੋਗ ਹੈ ਕਿ ਆਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਨੂੰ ਹਰਾਉਣ ਲਈ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਨਾਂ ਦਾ ਗਠਜੋੜ ਬਣਾਇਆ ਹੈ। ਮਾਇਆਵਤੀ ਨੇ ਸ਼ੁਰੂ ਤੋਂ ਹੀ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਸੀ।