INDIA ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿਤਾ ਗਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ

ਏਜੰਸੀ

ਖ਼ਬਰਾਂ, ਰਾਜਨੀਤੀ

ਅਸੀਂ ਫਿਲਹਾਲ ਪੰਜਾਬ ਬਚਾਉ ਫਰੰਟ ਚਾਹੁੰਦੇ ਹਾਂ: ਬਲਵਿੰਦਰ ਸਿੰਘ ਭੂੰਦੜ

INDIA invited Shiromani Akali Dal to join alliance

 

ਮੁੰਬਈ: ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਤੀਜੀ ਮੀਟਿੰਗ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਹੋਣੀ ਹੈ। ਮੁੰਬਈ ਮੀਟਿੰਗ ਵਿਚ ਵਿਰੋਧੀ ਗਠਜੋੜ ਵਿਚ ਕੁੱਝ ਹੋਰ ਸਿਆਸੀ ਪਾਰਟੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਗਠਜੋੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਡੀਆ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਇਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਸ਼੍ਰੋਮਣੀ ਅਕਾਲੀ ਦਲ ‘ਪੰਜਾਬ ਬਚਾਉ ਫਰੰਟ’ ਚਾਹੁੰਦਾ ਹੈ।  ਸੂਤਰਾਂ ਮੁਤਾਬਕ ਬਿਹਾਰ ਨੇ ਨਿਤੀਸ਼ ਕੁਮਾਰ ਅਕਾਲੀ ਦਲ ਦੇ ਸੰਪਰਕ ਵਿਚ ਹਨ।

ਇਹ ਵੀ ਪੜ੍ਹੋ: ਬੀ.ਐਸ.ਐਫ. ਵਲੋਂ ਕੌਮਾਂਤਰੀ ਸਰਹੱਦ ਨੇੜਿਉਂ 6 ਕਿਲੋ ਹੈਰੋਇਨ ਬਰਾਮਦ  

ਉਧਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਇਹ ਗਠਜੋੜ ਗ਼ੈਰ-ਸਿਧਾਂਤਕ ਹੈ ਅਤੇ ਅਕਾਲੀ ਦਲ ਕਦੇ ਵੀ ਅਜਿਹੇ ਗਠਜੋੜ ਦਾ ਹਿੱਸਾ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਗਠਜੋੜ ਇਕ ਪ੍ਰਵਾਰ, ਇਕ ਪਾਰਟੀ ਨੂੰ ਬਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਕਾਲੀ ਦਲ ਦੀ ਪਛਾਣ ਸੰਘੀ ਢਾਂਚੇ ਦੀ ਵਕਾਲਤ ਕਰਨ ਵਾਲੀ ਪਾਰਟੀ ਵਜੋਂ ਹੈ ਜਦਕਿ ਕਾਂਗਰਸ ਸੱਭ ਤੋਂ ਵੱਧ ਸੰਘੀ ਢਾਂਚੇ ਦੇ ਵਿਰੁਧ ਚੱਲੀ ਹੈ।
ਚੰਦੂਮਾਜਰਾ ਨੇ ਕਿਹਾ ਕਿ ਫਿਲਹਾਲ ਅਕਾਲੀ ਦਲ ਦੇ ਇਸ ਵਿਚ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ: 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ; ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾ

ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਕਦੇ ਵੀ ਗਠਜੋੜ ਨਹੀਂ ਕਰ ਸਕਦੇ: ਰਾਜਾ ਵੜਿੰਗ

ਇਸ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਨਕਾਰ ਦਿਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ, “ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਕਦੇ ਵੀ ਗਠਜੋੜ ਨਹੀਂ ਕਰ ਸਕਦੇ।  ਉਹ ਭਾਜਪਾ ਸਾਹਮਣੇ ਅਪਣਾ ਮੁੱਲ ਵਧਾਉਣ ਲਈ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ। ਅਪਣਾ ਵਜੂਦ ਗਵਾ ਚੁੱਕਿਆ ਅਕਾਲੀ ਦਲ ਹੁਣ I.N.D.I.A ਗਠਜੋੜ ਦਾ ਨਾਂਅ ਵਰਤ ਕੇ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ”।

ਦੱਸ ਦੇਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਚੁਨੌਤੀ ਦੇਣ ਲਈ ਬਣਾਏ ਗਏ ਇੰਡੀਆ ਗਠਜੋੜ ਦੀ ਪਹਿਲੀ ਬੈਠਕ ਬਿਹਾਰ ਦੇ ਪਟਨਾ ਵਿਚ ਹੋਈ ਸੀ। ਇਸ ਮਗਰੋਂ ਦੂਸਰੀ ਮੀਟਿੰਗ ਕਰਨਾਟਕ ਦੇ ਬੈਂਗਲੁਰੂ ਵਿਖੇ ਹੋਈ। ਹੁਣ ਤੀਸਰੀ ਬੈਠਕ ਮੁੰਬਈ ਵਿਖੇ 31 ਅਗਸਤ ਅਤੇ 1 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਕਈ ਹੋਰ ਪਾਰਟੀਆਂ ਦੇ ਨਾਲ ਜੁੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।