ਪੰਜਾਬ ਦੀ ਨਵੀਂ ਸਿਆਸੀ ਪਾਰਟੀ 'ਸੁਨਹਿਰਾ ਪੰਜਾਬ ਪਾਰਟੀ' ਦੀ ਹੋਈ ਸ਼ੁਰੂਆਤ
ਪੰਜਾਬ ਦੀ ਸੰਪੂਰਨ ਤਬਦੀਲੀ ਉਨੱਤੀ ਅਤੇ ਵਿਕਾਸ ਲਈ ਨਵੇਂ ਏਜੰਡੇ ਦਾ ਐਲਾਨ
ਚੰਡੀਗੜ੍ਹ : ਸਾਂਝਾ ਸੁਨਹਿਰਾ ਪੰਜਾਬ ਮੰਚ ਜਿਸਦੀ ਸਥਾਪਨਾ ਪਿਛਲੇ ਸਾਲ ਅਗਸਤ ਵਿੱਚ ਕੇ.ਸੀ. ਸਿੰਘ, ਆਈਐਫਐਸ (ਸੇਵਾਮੁਕਤ) ਨੇ ਕੀਤੀ ਸੀ, ਨੇ ਅੱਜ ਇਥੇ ਹਯਾਤ ਰੀਜੈਂਸੀ ਵਿੱਚ ਇੱਕ ਸ਼ੁਰੂਆਤੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੀ ਨਵੀਂ ਸਿਆਸੀ ਪਾਰਟੀ, ਸੁਨਹਿਰਾ ਪੰਜਾਬ ਪਾਰਟੀ ਦਾ ਐਲਾਨ ਕੀਤਾ।
ਸਾਬਕਾ ਰਾਜਦੂਤ ਕੇ.ਸੀ. ਸਿੰਘ (ਕ੍ਰਿਸ਼ਣ ਚੰਦਰ ਸਿੰਘ), ਭਾਰਤੀ ਵਿਦੇਸ਼ ਸੇਵਾ (ਸੇਵਾਮੁਕਤ), ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਰਾਨ ਵਿੱਚ ਭਾਰਤ ਸਰਕਾਰ ਦੇ ਰਾਜਦੂਤ ਰਹਿ ਚੁੱਕੇ ਹਨ। ਉਸ ਸਮੇਂ ਉਹ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ (ਅੰਤਰਰਾਸ਼ਟਰੀ ਸੰਸਥਾਵਾਂ) ਅਤੇ ਕੋਆਰਡੀਨੇਟਰ ਕਾਊਂਟਰ ਟੈਰੇਰਿਜ਼ਮ ਸਨ। ਆਪਣੇ ਪ੍ਰਸ਼ਾਸਕੀ ਕਰੀਅਰ ਦੇ ਅੰਤ ਵਿੱਚ ਉਹ ਸਕੱਤਰ, ਆਰਥਿਕ ਸਬੰਧਾਂ ਦੇ ਰੈਂਕ ਤੱਕ ਵੀ ਪਹੁੰਚ ਗਏ ਅਤੇ ਇੱਕ ਸਫ਼ਲ ਕਰੀਅਰ ਤੋਂ ਬਾਅਦ ਸੇਵਾਮੁਕਤ ਹੋਏ।
ਕੇ.ਸੀ. ਸਿੰਘ, ਜੋ ਸੁਨਹਿਰਾ ਪੰਜਾਬ ਪਾਰਟੀ ਦੇ ਕੌਮੀ ਪ੍ਰਧਾਨ ਹਨ, ਨੇ ਪਾਰਟੀ ਦੀ ਸ਼ੁਰੂਆਤ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘‘ਅਗਸਤ 2021 ਦੇ ਅਖੀਰ ਵਿੱਚ ਸਾਂਝਾ ਸੁਨਹਿਰਾ ਪੰਜਾਬ ਮੰਚ ਦੀ ਸਥਾਪਨਾ ਦੇ ਲਈ ਸਿਵਲ, ਮਿਲਟਰੀ, ਖੇਡਾਂ ਅਤੇ ਸਿਵਲ ਸੁਸਾਇਟੀ ਦੇ ਪ੍ਰਸਿੱਧ ਲੋਕਾਂ ਦਾ ਇੱਕ ਛੋਟਾ ਪਰ ਵਿਭਿੰਨਤਾ ਨਾਲ ਭਰਿਆ ਗਰੁੱਪ ਇੱਕ ਮੰਚ 'ਤੇ ਆਇਆ ਸੀ। ਪੰਜ ਮਹੀਨੇ ਤੱਕ ਵਿਚਾਰਕ ਮੰਥਨ ਅਤੇ ਆਮ ਲੋਕਾਂ ਦੇ ਨਾਲ ਸੰਵਾਦਾਤਮਕ ਜਨਤਕ ਮੀਟਿੰਗਾਂ ਨੂੰ ਆਯੋਜਿਤ ਕਰਨ ਦੇ ਦੌਰਾਨ ਦੇਖਿਆ ਗਿਆ ਕਿ ਆਮ ਧਾਰਣਾ ਇਹ ਸੀ ਕਿ ਤਬਦੀਲੀ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਚੰਗੇ ਪੰਜਾਬੀਆਂ ਵੱਲੋਂ ਪੈਦਾ ਕੀਤੇ ਗਏ ਸਿਆਸੀ ਪਾੜੇ ਨੂੰ ਭਰਨ ਲਈ ਆਪਣੇ ਕਦਮ ਅੱਗੇ ਨਾ ਵਧਾਏ ਜਾਣ।’’
ਉਨ੍ਹਾਂ ਨੇ ਦੱਸਿਆ, ‘‘ਨਤੀਜੇ ਵਜੋਂ ਜ਼ਿਆਦਾਤਰ ਮੰਚ ਦੇ ਮੈਂਬਰਾਂ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਨਾਲ ਇੱਕ ਰਾਜਨੀਤਿਕ ਪਾਰਟੀ ਨੂੰ ਰਜਿਸਟਰਡ ਕਰਵਾਉਣ ਦੇ ਫੈਸਲੇ ਦਾ ਸਮਰਥਨ ਕੀਤਾ। ਚੋਣ ਕਮਿਸ਼ਨ ਨੇ ਪ੍ਰਸਤਾਵਿਤ ਸੁਨਹਿਰਾ ਪੰਜਾਬ ਪਾਰਟੀ ਨੂੰ ਮੰਨਜੂਰੀ ਦੇ ਦਿੱਤੀ ਹੈ ਅਤੇ ਹੁਣ ਅਸੀਂ ਪੰਜਾਬ ਦੇ ਰਾਜਨੀਤਿਕ ਮੈਦਾਨ ਵਿੱਚ ਉਤਰਨ ਜਾ ਰਹੇ ਹਾਂ।’’
ਕੇ.ਸੀ. ਸਿੰਘ ਨੇ ਕਿਹਾ ਕਿ ‘‘ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਔਰਤਾਂ ਨੂੰ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਕਾਸ ਵਿੱਚ ਪੂਰੀ ਤਰ੍ਹਾਂ ਨਾਲ ਭਾਗੀਦਾਰ ਬਣਨ ਦੇ ਲਈ ਮਜ਼ਬੂਤ ਬਨਾਉਣਾ, ਸੁਨਹਿਰਾ ਪੰਜਾਬ ਪਾਰਟੀ ਦੀ ਤਰਜੀਹ ਹੈ। ਸਾਡਾ ਟੀਚਾ ਬੁਨਿਆਦੀ ਸਿੱਖਿਆ ਅਤੇ ਹੁਨਰ ਟਰੇਨਿੰਗ ਸੰਸਾਧਨਾਂ, ਸੁਰੱਖਿਆ, ਸਿਹਤ ਸੁਵਿਧਾਵਾਂ ਲੈਂਗਿਕ ਸਮਾਨਤਾ ਅਤੇ ਪ੍ਰੋਫੈਸ਼ਨਲ ਡਿਵੈਲਪਮੈਂਟ ਵਿੱਚ ਸਮਾਨਤਾ ਦੇ ਮਾਧਿਅਮ ਨਾਲ ਔਰਤਾਂ ਨੂੰ ਉਨ੍ਹਾਂ ਦਾ ਹੱਕ ਦਵਾਉਣਾ ਹੈ।’’
ਅਖੀਰ ਵਿੱਚ ਉਨ੍ਹਾਂ ਕਿਹਾ ਕਿ ਚੁਣੌਤੀਆਂ ਐਨੀਆਂ ਗੰਭੀਰ ਹਨ ਅਤੇ ਪੰਜਾਬ ਦਾ ਪੂਰਾ ਇਕੋਸਿਸਟਮ ਐਨਾ ਸਪੱਸ਼ਟ ਹੈ ਕਿ ਇਸ ਨੂੰ ਵਾਪਸ ‘ਸਵਰਣ ਯੁੱਗ’ ਦੇ ਰਸਤੇ ਉਤੇ ਵਾਪਸ ਲਿਆਉਣ ਦੇ ਲਈ ਅਜਿਹੇ ਨੇਤਾਵਾਂ ਦੀ ਜ਼ਰੂਰਤ ਹੋਵੇਗੀ ਜਿਨ੍ਹਾਂ ਦੇ ਕੋਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਮੁਹਾਰਤ ਹੋਵੇ ਅਤੇ ਹੁਨਰ ਨੂੰ ਆਕਰਸ਼ਿਤ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਮਰੱਥਾ ਹੋਵੇ। ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਪਰ ਸਿਰਫ ਉਦੋਂ ਜਦੋਂ ਇੱਕ ਵਿਆਪਕ ਦ੍ਰਿਸ਼ਟੀ ਨਿਰਧਾਰਿਤ ਕੀਤੀ ਜਾਵੇ ਅਤੇ ਉਸਦੇ ਲਈ ਇੱਕ ਸਮਰੱਥ ਮਾਰਗ ਤਿਆਰ ਕੀਤਾ ਜਾਵੇ।’’