ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਟਰੇ ਸੀਨੀਅਰ ਆਗੂ ਅਨਿਲ ਵਿੱਜ, ਕਿਹਾ, ‘ਉਹ ਤਾਂ ਹਮੇਸ਼ਾ ਉੜਨ ਖਟੋਲੇ ’ਤੇ ਰਹਿੰਦੇ ਨੇ’
ਚੋਣਾਂ ’ਚ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ : ਅਨਿਲ ਵਿੱਜ
ਅੰਬਾਲਾ : ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਸਮੇਤ ਉਨ੍ਹਾਂ ਲੋਕਾਂ ਦਾ ਮੁੱਦਾ ਜਨਤਕ ਤੌਰ ’ਤੇ ਉਠਾਇਆ ਹੈ, ਜਿਨ੍ਹਾਂ ਨੇ ਚੋਣਾਂ ’ਚ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ’ਚ ਭੂਮਿਕਾ ਨਿਭਾਈ ਪਰ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ, ‘‘ਸੱਤਵੀਂ ਚੋਣ (ਪਿਛਲੀਆਂ ਵਿਧਾਨ ਸਭਾ ਚੋਣਾਂ) ਜਿੱਤਣ ਦੇ ਇਕ ਹਫਤੇ ਦੇ ਅੰਦਰ ਹੀ ਮੈਂ ਜਨਤਕ ਤੌਰ ’ਤੇ ਉਨ੍ਹਾਂ ਲੋਕਾਂ ਦਾ ਮੁੱਦਾ ਚੁਕਿਆ ਜਿਨ੍ਹਾਂ ਨੇ ਮੈਨੂੰ ਹਰਾਉਣ ਦੀ ਕੋਸ਼ਿਸ਼ ਵਿਚ ਭੂਮਿਕਾ ਨਿਭਾਈ, ਚਾਹੇ ਉਹ ਅਧਿਕਾਰੀ, ਕਰਮਚਾਰੀ ਜਾਂ ਛੋਟੇ ਨੇਤਾ (ਛੋਟੇ ਨੇਤਾ) ਹੋਣ। ਉਸ ਤੋਂ ਬਾਅਦ ਮੈਂ ਵੱਖ-ਵੱਖ ਅਧਿਕਾਰੀਆਂ ਨੂੰ ਚਿੱਠੀ ਵੀ ਲਿਖੀ ਪਰ 100 ਦਿਨ ਬਾਅਦ ਵੀ ਨਾ ਤਾਂ ਮੈਨੂੰ ਬੁਲਾਇਆ ਗਿਆ ਅਤੇ ਨਾ ਹੀ ਉਨ੍ਹਾਂ ਵਿਰੁਧ ਕੋਈ ਕਾਰਵਾਈ ਕੀਤੀ ਗਈ।’’
ਵਿਜ ਨੇ ਅਕਤੂਬਰ ’ਚ ਅੰਬਾਲਾ ਕੈਂਟ ਹਲਕੇ ਤੋਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਅਤੇ ਸੱਤਵੀਂ ਵਾਰ ਵਿਧਾਇਕ ਬਣੇ ਸਨ। ਉਨ੍ਹਾਂ ਕਿਹਾ, ‘‘ਕਿਉਂਕਿ ਮੈਂ ਸੱਭ ਤੋਂ ਸੀਨੀਅਰ ਨੇਤਾ ਹਾਂ ਅਤੇ ਮੈਂ ਕਹਿ ਰਿਹਾ ਹਾਂ ਕਿ ਮੈਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਇਸ ਲਈ ਤੁਰਤ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਜੇ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਘੱਟੋ-ਘੱਟ ਉਨ੍ਹਾਂ ਦਾ ਤਬਾਦਲਾ (ਅਧਿਕਾਰੀਆਂ) ਕੀਤਾ ਜਾਣਾ ਚਾਹੀਦਾ ਸੀ ਜਾਂ ਪਾਰਟੀ (ਸਿਆਸੀ ਨੇਤਾਵਾਂ) ਤੋਂ ਕੱਢ ਦਿਤਾ ਜਾਣਾ ਚਾਹੀਦਾ ਸੀ। ਪਰ 100 ਦਿਨਾਂ ਬਾਅਦ ਵੀ ਕੁੱਝ ਨਹੀਂ ਕੀਤਾ ਗਿਆ ਅਤੇ ਹੁਣ ਉਹ ਕੰਮ ਕਰਦੇ ਹਨ ਜਾਂ ਨਹੀਂ, ਇਸ ਨਾਲ ਮੇਰੇ ਲਈ ਕੋਈ ਫਰਕ ਨਹੀਂ ਪੈਂਦਾ।’’
ਇਸ ਤੋਂ ਬਾਅਦ ਵਿਜ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਉਹ ਉਡਾਨ ਖਟੋਲੇ (ਹੈਲੀਕਾਪਟਰ) ’ਤੇ ਘੁੰਮ ਰਹੇ ਹਨ।
ਵਿਜ ਨੇ ਟਿਪਣੀ ਕੀਤੀ, ‘‘ਇਹ ਬਹੁਤ ਗੰਭੀਰ ਮਾਮਲਾ ਹੈ। ਅਤੇ ਅਜਿਹਾ ਇਸ ਲਈ ਹੈ ਕਿਉਂਕਿ ਸਾਡੇ ਮੁੱਖ ਮੰਤਰੀ ‘ਉੜਨ ਖਟੋਲੇ’ (ਹੈਲੀਕਾਪਟਰ) ਤੋਂ ਹੇਠਾਂ ਨਹੀਂ ਆਉਂਦੇ। ਜਿਸ ਦਿਨ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਉਹ ‘ਉੜਨ ਖਟੋਲੇ’ ’ਤੇ ਹਨ। ਜੇ ਉਹ ਹੇਠਾਂ ਆਉਂਦੇ, ਤਾਂ ਲੋਕਾਂ ਦਾ ਦੁੱਖ ਵੇਖਦੇ।’’ ਊਰਜਾ ਅਤੇ ਟਰਾਂਸਪੋਰਟ ਮੰਤਰੀ ਵਿਜ ਨੇ ਕਿਹਾ ਕਿ ਇਹ ਸਿਰਫ ਮੇਰੀ ਆਵਾਜ਼ ਨਹੀਂ ਹੈ, ਬਲਕਿ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੀ ਆਵਾਜ਼ ਹੈ।
ਵਿਜ ਨੇ ਇਹ ਵੀ ਦੋਸ਼ ਲਾਇਆ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਸ਼ੱਕ ਸੀ ਕਿ ਇਕ ਵੱਡੇ ਸਿਆਸੀ ਨੇਤਾ ਦੇ ਆਸ਼ੀਰਵਾਦ ਨਾਲ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ, ‘‘ਹੁਣ ਜਦੋਂ ਉਨ੍ਹਾਂ (ਅਧਿਕਾਰੀਆਂ ਅਤੇ ਛੋਟੇ ਸਿਆਸੀ ਨੇਤਾਵਾਂ ਦਾ ਹਵਾਲਾ ਦਿੰਦੇ ਹੋਏ) ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਤਾਂ ਮੈਨੂੰ ਇਸ ਦਾ ਯਕੀਨ ਹੈ।’’
ਹਾਲਾਂਕਿ ਵਿਜ ਨੇ ਕਿਸੇ ਅਧਿਕਾਰੀ ਜਾਂ ਸਿਆਸੀ ਨੇਤਾ ਦਾ ਨਾਂ ਨਹੀਂ ਲਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਜ ਨੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਅੰਬਾਲਾ ਕੈਂਟ ਦੇ ਅਪਣੇ ਹਲਕਿਆਂ ਦੀ ਖਾਤਰ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਾਂਗ ਮਰਨ ਵਰਤ ’ਤੇ ਜਾਣ ਲਈ ਤਿਆਰ ਹਨ।
ਜਦੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਭੁੱਖ ਹੜਤਾਲ ’ਤੇ ਜਾਣ ਬਾਰੇ ਵਿਜ ਦੇ ਬਿਆਨ ’ਤੇ ਟਿਪਣੀ ਕਰਨ ਲਈ ਕਿਹਾ ਗਿਆ ਤਾਂ ਮੁੱਖ ਮੰਤਰੀ ਨੇ ਰੋਹਤਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਨਿਲ ਵਿਜ ਸਾਡੇ ਨੇਤਾ ਹਨ।’’
ਭਾਜਪਾ ਦੇ 71 ਸਾਲ ਦੇ ਸੀਨੀਅਰ ਨੇਤਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਅੰਬਾਲਾ ’ਚ ਜਨਤਾ ਦਰਬਾਰ ਲਗਾਉਣਾ ਬੰਦ ਕਰ ਦਿਤਾ ਹੈ। ਵਿਜ ਨੇ ਕਿਹਾ ਸੀ ਕਿ ‘ਮੈਂ ਸ਼ਿਕਾਇਤ ਨਿਵਾਰਣ ਕਮੇਟੀ ਦੀਆਂ ਬੈਠਕਾਂ ’ਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਅਧਿਕਾਰੀਆਂ ਵਲੋਂ ਮੇਰੇ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।’ ਉਨ੍ਹਾਂ ਕਿਹਾ ਕਿ ‘ਮੇਰਾ ਹਰਿਆਣਾ ਦੇ ਬਾਕੀ ਹਿੱਸਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।’