ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਕਾਨੂੰਨੀ ਘੇਰੇ 'ਚ
ਮੁੱਖ ਮੰਤਰੀ ਪੰਜਾਬ ਕੈਪਟਨ ਅਮਿਰੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਇਹ ਨਿਯੁਕਤੀ ਅੱਜ ਕਾਨੂੰਨੀ ਘੇਰੇ ਵਿਚ ਆ ਗਈ ਹੈ।
ਚੰਡੀਗੜ੍ਹ, 2 ਅਗੱਸਤ (ਨੀਲ ਭਲਿੰਦਰ ਸਿੰਘ): ਮੁੱਖ ਮੰਤਰੀ ਪੰਜਾਬ ਕੈਪਟਨ ਅਮਿਰੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਇਹ ਨਿਯੁਕਤੀ ਅੱਜ ਕਾਨੂੰਨੀ ਘੇਰੇ ਵਿਚ ਆ ਗਈ ਹੈ। ਹਾਈ ਕੋਰਟ ਵਿਚ ਇਸ ਨਿਯੁਕਤੀ ਨੂੰ ਇਹ ਕਹਿੰਦੇ ਹੋਏ ਚੁਨੌਤੀ ਦਿਤੀ ਹੈ ਕਿ ਸੁਰੇਸ਼ ਕੁਮਾਰ ਇਕ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਅਜਿਹੇ ਵਿਚ ਇਕ ਸੇਵਾਮੁਕਤ ਅਧਿਕਾਰੀ ਨੂੰ ਕੈਬਿਨਟ ਰੈਂਕ ਜਿਹੇ ਅਹੁਦੇ ਉਤੇ ਨਿਯੁਕਤ ਕਰਨਾ ਨਿਯਮਾਂ ਦੇ ਉਲਟ ਹੈ। ਐਡਵੋਕਟ ਰਮਨਦੀਪ ਸਿਂੰਘ ਨੇ ਅਪਣੇ ਵਕੀਲ ਐਚ ਐਸ ਬਰਾੜ ਰਾਹੀਂ ਇਸ ਨਿਯੁਕਤੀ ਨੂੰ ਚੁਨੌਤੀ ਦੇ ਕੇ ਸੁਰੇਸ਼ ਕੁਮਾਰ ਨੂੰ ਫੌਰੀ ਇਸ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਹੈ। ਜਸਟਿਸ ਰਾਜਨ ਗੁਪਤਾ ਵਾਲੇ ਬੈਂਚ ਨੇ ਅੱਜ ਇਸ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਨਾ ਸਿਰਫ਼ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ ਸਗੋਂ ਖ਼ੁਦ ਸੁਰੇਸ਼ ਕੁਮਾਰ ਨੂੰ ਵੀ ਆਉਂਦੀ 30 ਅਗੱਸਤ ਲਈ ਨੋਟਿਸ ਜਾਰੀ ਕਰ ਦਿਤੇ ਹਨ। ਪਟੀਸ਼ਨਰ ਨੇ ਇਸ ਬਾਬਤ ਉਕਤ ਅਧਿਕਾਰੀ ਦਾ ਨਿਯੁਕਤੀ ਪੱਤਰ ਵੀ ਨੱਥੀ ਕਰ ਕੇ ਸਬੰਧਤ ਨਿਯਮਾਂ ਅਤੇ ਸ਼ਰਤਾਂ ਦਾ ਹਵਾਲਾ ਦਿਤਾ ਹੈ।