ਗਾਂਧੀ ਪਰਵਾਰ ਦੇ ਕਰੀਬੀ ਸੰਜੇ ਸਿੰਘ ਨੇ ਕਾਂਗਰਸ ਅਤੇ ਰਾਜ ਸਭਾ ਛੱਡੀ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਆਗੂ ਅਤੇ ਗਾਂਧੀ ਪਰਵਾਰ ਦੇ ਕਰੀਬੀਆਂ ਵਿਚ ਗਿਣੇ ਜਾਣ ਵਾਲੇ ਸੰਜੇ ਸਿੰਘ ਨੇ ਪਾਰਟੀ ਅਤੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ ਹੈ।

Sanjay Singh

ਨਵੀਂ ਦਿੱਲੀ : ਕਾਂਗਰਸ ਆਗੂ ਅਤੇ ਗਾਂਧੀ ਪਰਵਾਰ ਦੇ ਕਰੀਬੀਆਂ ਵਿਚ ਗਿਣੇ ਜਾਣ ਵਾਲੇ ਸੰਜੇ ਸਿੰਘ ਨੇ ਪਾਰਟੀ ਅਤੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ ਹੈ। ਉਹ ਬੁਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੋਣਗੇ। ਅਮੇਠੀ ਰਾਜਘਰਾਣੇ ਨਾਲ ਸਬੰਧਤ ਸੰਜੇ ਸਿੰਘ ਨੇ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਹ ਪਾਰਟੀ ਹੁਣ ਵੀ ਅਤੀਤ ਵਿਚ ਜੀਅ ਰਹੀ ਹੈ ਅਤੇ ਇਸ ਦਾ ਭਵਿੱਖ ਡਾਵਾਂਡੋਲ ਹੈ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬੁਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੋਣਗੇ। ਉਹ ਪਹਿਲਾਂ ਵੀ ਭਾਜਪਾ ਵਿਚ ਰਹੇ ਹਨ ਅਤੇ ਉਸ ਦੀ ਟਿਕਟ 'ਤੇ ਲੋਕ ਸਭਾ ਮੈਂਬਰ ਚੁਣੇ ਗਏ ਸਨ। ਸੰਜੇ ਸਿੰਘ ਨੇ ਕਿਹਾ, 'ਅੱਜ ਦੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਂ। ਜੇ ਦੇਸ਼ ਉਨ੍ਹਾਂ ਨਾਲ ਹੈ ਤਾਂ ਮੈਂ ਵੀ ਨਾਲ ਹਾਂ। ਕਾਂਗਰਸ ਵਿਚ ਹਾਈ ਕਮਾਨਾ ਨਾਲ ਰਾਬਤਾ ਕਾਇਮ ਕਰਨਾ ਸੰਭਵ ਨਹੀਂ। ਮੈਂ ਲੰਮੇ ਸਮੇਂ ਤਕ ਇਹ ਸੱਭ ਵੇਖਣ ਮਗਰੋਂ ਫ਼ੈਸਲਾ ਕੀਤਾ ਹੈ।

ਕਾਂਗਰਸ ਦਿਸ਼ਾਹੀਣ ਹੈ ਅਤੇ ਲੋਕਾਂ ਤੋਂ ਦੂਰ ਹੋ ਚੁੱਕੀ ਹੈ।' ਆਸਾਮ ਤੋਂ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦਾ ਕਾਰਜਕਾਲ ਅਗਲੇ ਸਾਲ ਅਪ੍ਰੈਲ ਵਿਚ ਪੂਰਾ ਹੋਣਾ ਸੀ। ਉਨ੍ਹਾਂ ਦੀ ਪਤਨੀ ਅਮਿਤਾ ਸਿੰਘ ਨੇ ਵੀ ਕਾਂਗਰਸ ਤੋਂ ਅਸਤੀਫ਼ਾ ਦੇ ਦਿਤਾ ਹੈ। ਉਹ ਯੂਪੀ ਵਿਚ ਕਿਸੇ ਅਹੁਦੇ 'ਤੇ ਸੀ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸੰਜੇ ਸਿੰਘ ਨੂੰ ਰਾਜ ਸਭਾ ਚੋਣਾਂ ਵਿਚ ਅਪਣਾ ਉਮੀਦਵਾਰ ਬਣਾ ਸਕਦੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।