ਆਰ.ਐਸ.ਐਸ. ਅਸਲ ਕੌਫ਼ੀ ਹੈ, ਭਾਜਪਾ ਸਿਰਫ਼ ਉੱਪਰ ਦਿਖਾਈ ਦਿੰਦੀ ਇਸ ਦੀ ਝੱਗ ਹੈ - ਪ੍ਰਸ਼ਾਂਤ ਕਿਸ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

BJP ਸਿਰਫ਼ ਝੱਗ, ਅਸਲ ਕੌਫ਼ੀ ਹੈ RSS

"RSS Is Real Coffee, BJP Just The Froth": Prashant Kishor

 

ਪਟਨਾ - ਸਿਆਸੀ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ-ਆਰਐਸਐਸ ਗੱਠਜੋੜ ਦੀ ਤੁਲਨਾ ਕੌਫ਼ੀ ਦੇ ਕੱਪ ਨਾਲ ਕੀਤੀ, ਜਿਸ ਵਿੱਚ ਭਗਵਾ ਪਾਰਟੀ ਉੱਪਰਲੀ ਝੱਗ ਵਰਗੀ ਹੈ ਅਤੇ ਉਸ ਦੇ ਮੂਲ 'ਚ ਹੇਠਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਹੈ। ਜਨ ਸੁਰਾਜ ਮੁਹਿੰਮ ਤਹਿਤ 2 ਅਕਤੂਬਰ ਤੋਂ ਬਿਹਾਰ ਵਿੱਚ 3,500 ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰ ਰਹੇ ਕਿਸ਼ੋਰ ਨੇ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਲੌਰੀਆ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ।

ਕਿਸ਼ੋਰ ਨੇ ਅਫ਼ਸੋਸ ਜਤਾਇਆ ਕਿ ਉਸ ਨੂੰ ਇਹ ਸਮਝਣ ਵਿੱਚ ਲੰਮਾ ਸਮਾਂ ਲੱਗਿਆ ਕਿ ਮਹਾਤਮਾ ਗਾਂਧੀ ਦੀ ਕਾਂਗਰਸ ਨੂੰ ਮੁੜ ਸੁਰਜੀਤ ਕਰਕੇ ਹੀ ਨੱਥੂਰਾਮ ਗੌਡਸੇ ਦੀ ਵਿਚਾਰਧਾਰਾ ਨੂੰ ਹਰਾਇਆ ਜਾ ਸਕਦਾ ਹੈ, ਅਤੇ ਚੰਗਾ ਹੁੰਦਾ ਕਿ ਮੈਂ ਨਿਤੀਸ਼ ਕੁਮਾਰ ਅਤੇ ਜਗਨ ਮੋਹਨ ਰੈੱਡੀ ਵਰਗੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਸ ਦਿਸ਼ਾ 'ਚ ਕੰਮ ਕਰਦਾ। ਆਈਪੈਕ ਦੇ ਸੰਸਥਾਪਕ ਕਿਸ਼ੋਰ, ਜੋ ਕਿ ਨਰਿੰਦਰ ਮੋਦੀ ਦੇ ਰੱਥ ਨੂੰ ਰੋਕਣ ਲਈ ਇੱਕਜੁੱਟ ਵਿਰੋਧੀ ਧਿਰ ਦੀ ਪ੍ਰਭਾਵਸ਼ੀਲਤਾ 'ਤੇ ਸ਼ੱਕ ਕਰਦੇ ਰਹੇ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਕੋਈ ਇਹ ਨਹੀਂ ਸਮਝਦਾ ਕਿ ਦੇਸ਼ ਵਿੱਚ ਭਾਜਪਾ ਹੈ ਕਿਉਂ, ਉਦੋਂ ਤੱਕ ਕੋਈ ਉਸ ਨੂੰ ਹਰਾ ਨਹੀਂ ਸਕਦਾ।

ਉਸ ਨੇ ਕਿਹਾ, “ਕੀ ਤੁਸੀਂ ਕਦੇ ਕੌਫ਼ੀ ਦਾ ਕੱਪ ਦੇਖਿਆ ਹੈ, ਸਭ ਤੋਂ ਉੱਪਰ ਝੱਗ ਹੁੰਦੀ ਹੈ। ਭਾਜਪਾ, ਜੋ ਤੁਹਾਨੂੰ ਦਿਖਾਈ ਦਿੰਦੀ ਹੈ, ਉਸ ਝੱਗ ਦੀ ਤਰ੍ਹਾਂ ਹੈ। ਉਸ ਦੇ ਹੇਠਾਂ ਦੀ ਕੌਫ਼ੀ ਆਰਐਸਐਸ ਹੈ, ਜਿਸ ਦੀ ਬਣਤਰ ਬੜੀ ਡੂੰਘੀ ਹੈ।" ਕਿਸ਼ੋਰ ਨੇ ਕਿਹਾ ਕਿ ਸਾਲਾਂ ਬੱਧੀ ਮਿਹਨਤ ਕਰ ਕੇ ਆਰਐਸਐਸ ਨੇ ਸਮਾਜ ਅੰਦਰ ਆਪਣੀ ਵਿਚਾਰਧਾਰਾ ਨੂੰ ਜ਼ਮੀਨ 'ਤੇ ਉਤਾਰਿਆ ਹੈ, ਹੁਣ ਤੁਸੀਂ ਜਿੰਨੇ ਮਰਜ਼ੀ ਹੱਥ-ਪੈਰ ਮਾਰੋ, ਇਹ ਨਿੱਕਲਣ ਵਾਲੀ ਨਹੀਂ। ਪ੍ਰਸ਼ਾਂਤ ਦਾ ਕਹਿਣਾ ਹੈ ਕਿ ਉਸ ਵਾਸਤੇ ਸਖ਼ਤ ਮਿਹਨਤ ਕਰਨੀ ਪਵੇਗੀ। ਇਹ ਸੰਕਲਪ ਧਾਰ ਕੇ ਚੱਲਣਾ ਪਵੇਗਾ ਕਿ ਭਾਵੇਂ ਇਸ ਨੂੰ 10-15 ਸਾਲ ਲੱਗ ਜਾਣ, ਪਰ ਇਸ ਵਿਰੁੱਧ ਤਿੱਖਾ ਸੰਘਰਸ਼ ਵਿੱਢਣਾ ਪਵੇਗਾ।

ਸਿਆਸੀ ਰਣਨੀਤੀਕਾਰ ਕਿਸ਼ੋਰ ਨੇ ਸਭ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੋਣ ਮੁਹਿੰਮ ਨੂੰ ਸੰਭਾਲ ਕੇ ਪ੍ਰਸਿੱਧੀ ਹਾਸਲ ਕੀਤੀ, ਜਿਸ ਚੋਣ ਪ੍ਰਚਾਰ ਮੁਹਿੰਮ ਨੇ ਭਾਜਪਾ ਨੂੰ ਆਪਣੇ ਦਮ 'ਤੇ ਬਹੁਮਤ ਹਾਸਲ ਕਰਨ ਵਿੱਚ ਮਦਦ ਕੀਤੀ ਸੀ। ਕਿਸ਼ੋਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਲਗਾਤਾਰ ਨਿਸ਼ਾਨਾ ਸੇਧਦੇ ਰਹੇ ਹਨ। ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਉਨ੍ਹਾਂ 'ਤੇ 'ਭਾਜਪਾ ਦਾ ਏਜੰਟ' ਹੋਣ ਦਾ ਦੋਸ਼ ਲਾਉਂਦੀ ਰਹੀ ਹੈ।

ਕਿਸ਼ੋਰ ਨੇ ਕਿਹਾ ਕਿ ਨਿਤੀਸ਼ ਕੁਮਾਰ ਦੇ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਉਹ ਜਨਤਾ ਦਲ (ਯੂ) ਨਾਲ ਨਹੀਂ ਗਏ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ, ''ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਪਾਰਟੀ ਨੇ ਜੇਡੀਯੂ ਦੇ ਰਾਸ਼ਟਰੀ ਉਪ-ਪ੍ਰਧਾਨ ਹੁੰਦਿਆਂ ਸੀਏਏ-ਐਨਆਰਸੀ ਦੇ ਪੱਖ 'ਚ ਵੋਟ ਪਾਈ ਹੈ ਤਾਂ ਮੈਂ ਨਿਤੀਸ਼ ਕੁਮਾਰ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੈ। ਤਾਂ ਨਿਤੀਸ਼ ਕੁਮਾਰ ਨੇ ਕਿਹਾ ਕਿ ਮੈਂ ਦੌਰੇ 'ਤੇ ਸੀ, ਮੈਨੂੰ ਪਤਾ ਨਹੀਂ ਲੱਗਿਆ, ਪਰ ਅਸੀਂ ਬਿਹਾਰ 'ਚ ਇਸ ਨੂੰ ਲਾਗੂ ਨਹੀਂ ਹੋਣ ਦਿਆਂਗੇ। ਉਦੋਂ ਮੈਂ ਸਮਝਿਆ ਕਿ ਅਜਿਹੇ ਆਦਮੀ ਨਾਲ ਕੰਮ ਕਰਨਾ ਸੰਭਵ ਨਹੀਂ, ਅਤੇ ਭਾਜਪਾ ਨੂੰ ਰੋਕਣ ਲਈ ਪੱਛਮੀ ਬੰਗਾਲ ਦੀ ਲੜਾਈ ਵਿਚ ਕੁੱਦ ਪਿਆ।

ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਹਾਲਤ ਖ਼ਰਾਬ ਸੀ, ਪਰ ਪੂਰੀ ਜੀ-ਜਾਨ ਨਾਲ ਕੋਸ਼ਿਸ਼ ਕਰਕੇ ਭਾਜਪਾ ਨੂੰ ਰੋਕਿਆ ਗਿਆ। ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਉਹ ਭਾਜਪਾ ਨੂੰ 100 ਦਾ ਅੰਕੜਾ ਪਾਰ ਨਹੀਂ ਕਰਨ ਦੇਣਗੇ ਅਤੇ ਚੋਣਾਂ 'ਚ ਵੀ ਅਜਿਹਾ ਹੀ ਹੋਇਆ। ਪਿਛਲੇ ਸਾਲ ਸਿਖਰਲੇ ਆਗੂਆਂ ਨਾਲ ਮੁਲਾਕਾਤਾਂ ਦੇ ਬਾਵਜੂਦ ਕਿਸ਼ੋਰ ਦੀ ਕਾਂਗਰਸ ਵਿੱਚ ਬੜੀ ਦੇਰ ਤੋਂ ਉਡੀਕੀ ਜਾ ਰਹੀ ਐਂਟਰੀ ਸੰਭਵ ਨਹੀਂ ਹੋ ਸਕੀ। ਕਿਸ਼ੋਰ ਨੇ ਸੰਕੇਤ ਦਿੱਤਾ ਕਿ ਉਹ ਹਾਲੇ ਵੀ ਇਸ ਸੰਗਠਨ ਦੀ ਪ੍ਰਸ਼ੰਸਾ ਕਰਦੇ ਹਨ, ਪਰ ਉਹ ਮਹਾਤਮਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਪ੍ਰਸ਼ੰਸਾ ਕਰਦੇ ਹਨ। ਕਿਸ਼ੋਰ ਨੇ ਕਿਹਾ, "ਮਹਾਤਮਾ ਗਾਂਧੀ ਦੀ ਕਾਂਗਰਸ ਨੂੰ ਮੁੜ ਸੁਰਜੀਤ ਕਰਕੇ ਹੀ ਗੌਡਸੇ ਦੀ ਵਿਚਾਰਧਾਰਾ ਨੂੰ ਹਰਾਇਆ ਜਾ ਸਕਦਾ ਹੈ।"