ਅਦਾਲਤੀ ਸੰਮਨਾਂ ਦੀ ਆੜ ਵਿਚ ਕੈਪਟਨ ਸਰਕਾਰ ਵਲੋਂ ਬਦਲਾਖ਼ੋਰੀ ਦੀ ਡੂੰਘੀ ਸਾਜ਼ਸ਼ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਵੇਂ ਫ਼ਾਜ਼ਿਲਕਾ ਕੋਰਟ ਵਲੋਂ ਜਾਰੀ ਕੀਤੇ

Sukhpal Singh Khaira

ਚੰਡੀਗੜ੍ਹ, 2 ਨਵੰਬਰ (ਸਸਸ) : ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਵੇਂ ਫ਼ਾਜ਼ਿਲਕਾ ਕੋਰਟ ਵਲੋਂ ਜਾਰੀ ਕੀਤੇ ਸੰਮਨ ਨਿਆਂਇਕ ਪ੍ਰਕਾਰ ਦੇ ਹਨ ਪਰ ਇਨ੍ਹਾਂ ਸੰਮਨਾਂ ਦੌਰਾਨ ਹੋਏ ਘਟਨਾਕ੍ਰਮ ਦੀ ਡੂੰਘੀ ਘੋਖ ਇਹ ਦਿਖਾਉਂਦੀ ਹੈ ਕਿ ਇਹ ਸੱਭ ਕੁੱਝ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੋਚੀ ਸਮਝੀ ਸਾਜ਼ਸ਼ ਦਾ ਹਿੱਸਾ ਹੈ। ਸ. ਖਹਿਰਾ ਨੇ ਕਿਹਾ ਕਿ ਉਹ ਵੀ ਹੈਰਾਨ ਹਨ ਕਿ ਕੋਰਟ ਨੇ ਉਨ੍ਹਾਂ ਨੂੰ ਧਾਰਾ 319  ਤਹਿਤ ਕਿਵੇਂ ਸੰਮਨ ਕਰ ਲਿਆ ਜਦਕਿ ਟਰਾਇਲ ਪੂਰਾ ਹੋ ਚੁੱਕਾ ਹੈ।ਖਹਿਰਾ ਨੇ ਕਿਹਾ ਕਿ ਟਰਾਇਲ ਦੌਰਾਨ ਗਵਾਹਾਂ ਐਸ.ਪੀ. ਅਜਮੇਰ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਦੇ ਬਦਲਣ ਵਾਲੇ ਬਿਆਨਾਂ ਤੋਂ ਸਿਆਸੀ ਬਦਲਾਖ਼ੋਰੀ ਅਤੇ ਸਾਜ਼ਸ਼ ਦਾ ਮੁਕੰਮਲ ਤੌਰ 'ਤੇ ਪ੍ਰਗਟਾਵਾ ਹੋ ਗਿਆ ਹੈ।  ਸ਼ੁਰੂ ਵਿਚ ਉਕਤ ਐਸ.ਪੀ ਅਜਮੇਰ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਨੇ  ਅਪਣੇ ਬਿਆਨ ਦਿੰਦੇ ਸਮੇਂ ਕਦੇ ਵੀ ਮੇਰੇ ਨਾਮ ਦਾ ਜ਼ਿਕਰ ਨਹੀਂ ਕੀਤਾ।

ਇਸ ਤੋਂ ਬਾਅਦ ਮੁੜ 2016 ਵਿਚ ਚੀਫ਼ ਅਤੇ ਕਰਾਸ ਇਗਸਾਮੀਨੇਸ਼ਨ ਦੌਰਾਨ ਮੇਰੇ ਸਬੰਧੀ ਕੋਈ ਵੀ ਬਿਆਨ ਨਹੀਂ ਦਿਤਾ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਐਸ.ਪੀ. ਅਜਮੇਰ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਦੋਨਾਂ ਨੂੰ ਮੁੜ ਬਿਆਨਾਂ ਲਈ ਬੁਲਾਉਣ ਵਾਸਤੇ ਪ੍ਰੋਸੀਕਿਊਸ਼ਨ ਨੇ ਮਿਤੀ 14.09.2017 ਨੂੰ ਧਾਰਾ 311 ਤਹਿਤ ਅਰਜ਼ੀ ਦਿਤੀ ਜੋ ਕਿ ਹੈਰਾਨੀਜਨਕ ਢੰਗ ਨਾਲ ਕੋਰਟ ਨੇ ਉਸੇ ਦਿਨ ਹੀ ਮਨਜ਼ੂਰ ਕਰ ਲਈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਮੇਰੇ ਵਿਰੁਧ ਬਦਲਾਖ਼ੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਵਿਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ ਵਿਰੋਧੀਆਂ ਉੱਪਰ ਸਰਕਾਰ ਵਲੋਂ ਕੀਤੇ ਜਾ ਰਹੇ ਸਿਆਸੀ ਅਤਿਵਾਦ ਦੀ ਇਹ ਇੱਕ ਪ੍ਰਤੱਖ ਉਦਾਹਰਣ ਹੈ। ਵਿਰੋਧੀ ਧਿਰ ਦੇ ਨੇਤਾ ਸ. ਖਹਿਰਾ ਨੇ ਕਿਹਾ ਕਿ ਕਾਨੂੰਨ ਦੀ ਸਰਾਸਰ ਉਲੰਘਣਾ ਕਰ ਕੇ ਧਾਰਾ 319 ਤਹਿਤ ਕੀਤੇ ਗ਼ਲਤ ਅਤੇ ਗ਼ੈਰਕਾਨੂੰਨੀ ਸੰਮਨਾਂ ਨੂੰ ਉਹ ਛੇਤੀ ਹੀ ਹਾਈ ਕੋਰਟ ਵਿਚ ਚੈਲੰਜ ਕਰਨਗੇ।