ਅਕਾਲੀ ਦਲ, 'ਆਪ' ਨੂੰ ਹਾਸ਼ੀਏ 'ਤੇ ਧੱਕਣ ਵਿਚ ਹੋਇਆ ਕਾਮਯਾਬ
ਪੰਜਾਬ ਵਿਧਾਨ ਸਭਾ ਵਿਚ 117 ਵਿਚੋਂ 20 ਸੀਟਾਂ ਜਿੱਤ ਕੇ ਦੂਸਰੀ ਸੱਭ ਤੋਂ ਵੱਡੀ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੀਆਂ ਸੀਟਾਂ 'ਤੇ ਬੈਠਣ ਵਾਲੀ ਆਮ
ਪਟਿਆਲਾ, 18 ਦਸੰਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਧਾਨ ਸਭਾ ਵਿਚ 117 ਵਿਚੋਂ 20 ਸੀਟਾਂ ਜਿੱਤ ਕੇ ਦੂਸਰੀ ਸੱਭ ਤੋਂ ਵੱਡੀ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੀਆਂ ਸੀਟਾਂ 'ਤੇ ਬੈਠਣ ਵਾਲੀ ਆਮ ਆਦਮੀ ਪਾਰਟੀ ਪੰਜਾਬ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਿਚ ਅਪਣੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਵਿਖਾਉਣ ਤੋਂ ਅਸਮਰੱਥ ਹੋ ਗਈ ਹੈ ਅਤੇ ਸੂਬੇ ਵਿਚ ਇਸ ਦੇ ਅਕਸ ਨੂੰ ਭਾਰੀ ਢਾਹ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਇਹ ਪਾਰਟੀ ਸੂਬੇ ਦੀਆਂ 32 ਮਿਊਂਸਪਲ ਕਮੇਟੀਆਂ ਦੇ 414 ਵਾਰਡਾਂ ਵਿਚੋਂ ਸਿਰਫ਼ ਇਕ ਹੀ ਸੀਟ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕਰ ਸਕੀ ਹੈ। ਪੰਜਾਬ ਦੀਆਂ ਤਿੰਨ ਨਗਰ ਕੌਂਸਲਾਂ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿਚ 17 ਦਸੰਬਰ ਨੂੰ ਹੋਈਆ ਚੋਣਾਂ ਅਤੇ ਉਸੇ ਦਿਨ ਹੋਈ ਵੋਟਾਂ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ। ਕੁੱਝ ਸਮਾਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਦੀ ਸ਼ਾਖ ਨੂੰ ਸੂਬੇ ਅੰਦਰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਜਦੋਂ
ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਇਸ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ (ਰਿਟਾ:) ਨੂੰ ਸਿਰਫ਼ 23,579 ਵੋਟਾਂ ਮਿਲੀਆਂ ਸਨ ਅਤੇ ਉਹ ਤੀਸਰੇ ਸਥਾਨ 'ਤੇ ਸਿਮਟ ਗਏ ਸਨ। 'ਆਪ' ਪਾਰਟੀ ਦੇ ਵਾਲੰਟੀਅਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿਚ ਪਾਰਟੀ ਕਿਤੇ ਵੀ ਨਜ਼ਰ ਨਹੀਂ ਆਈ ਅਤੇ ਸੂਬੇ ਦੀ ਟਾਪ ਲੀਡਰਸ਼ਿਪ ਵੀ ਗ਼ੈਰਹਾਜ਼ਰ ਸੀ। ਪਟਿਆਲਾ ਜ਼ਿਲ੍ਹੇ ਵਿਚ ਜਿਥੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੋਕ ਸਭਾ ਲਈ ਚੁਣੇ ਗਏ ਐਮ.ਪੀ. ਡਾ.ਧਰਮਵੀਰ ਗਾਂਧੀ ਜੀ ਵੀ ਮੌਜੂਦ ਹਨ, ਪਾਰਟੀ ਅਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਸਮੁੱਚੀ ਪਾਰਟੀ ਲਈ ਬੜੀ ਸ਼ਰਮ ਦੀ ਗੱਲ ਅਤੇ ਮੁੱਛ ਦਾ ਸਵਾਲ ਬਣ ਗਿਆ ਹੈ। ਭਾਵੇਂ ਕਿ ਉਹ ਪਾਰਟੀ ਹਾਈ ਕਮਾਨ ਨਾਲ ਕੁੱਝ ਨਿਜੀ ਅਤੇ ਰਾਜਨੀਤਕ ਵਖਰੇਵਿਆਂ ਦੇ ਚਲਦੇ ਉਹ ਅਪਣੀ ਮਾਂ ਪਾਰਟੀ ਤੋਂ ਵੱਖ ਹੋ ਗਏ ਸਨ। ਸੂਬੇ ਦੇ ਲੋਕਾਂ ਅੰਦਰ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕੋ ਇਕ ਨੁਕਾਤੀ ਪ੍ਰੋਗਰਾਮ ਸਿਰਫ਼ ਆਪ ਪਾਰਟੀ ਨੂੰ ਦੂਸਰੇ ਤੋਂ ਤੀਸਰੇ ਸਥਾਨ 'ਤੇ ਧੱਕਣਾ ਸੀ, ਇਸ ਮਕਸਦ ਵਿਚ ਅਕਾਲੀ ਦਲ ਕਾਮਯਾਬ ਹੁੰਦਾ ਦਿਸ ਰਿਹਾ ਹੈ।