ਅਕਾਲੀ-ਕਾਂਗਰਸੀ ਜਮ ਕੇ ਲੜੇ
ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਚ ਕਰੀਬ ਦੋ ਵਜੇ ਅਕਾਲੀਆਂ ਅਤੇ ਕਾਂਗਰਸੀਆਂ ਵਿਚ ਹਿੰਸਕ ਝੜਪ ਹੋਣ ਦੀ ਖ਼ਬਰ ਹੈ।
ਗੁਰਦਾਸਪੁਰ, 31 ਅਕਤੂਬਰ (ਹੇਮੰਤ ਨੰਦਾ) : ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਚ ਕਰੀਬ ਦੋ ਵਜੇ ਅਕਾਲੀਆਂ ਅਤੇ ਕਾਂਗਰਸੀਆਂ ਵਿਚ ਹਿੰਸਕ ਝੜਪ ਹੋਣ ਦੀ ਖ਼ਬਰ ਹੈ। ਇਸ ਵਿਚ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਤੇ ਉਸ ਦੇ ਦੋ ਹੋਰ ਦੋਸਤਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ।
ਅਮਰਜੋਤ ਸਿੰਘ ਜੋ ਗੰਭੀਰ ਹਾਲਤ ਵਿਚ ਸਨ, ਨੇ ਸਿਵਲ ਹਸਪਤਾਲ ਵਿਚ ਦਸਿਆ ਕਿ ਉਹ ਅਪਣੀ ਗੱਡੀ 'ਤੇ ਜਾ ਰਹੇ ਸਨ ਤਾਂ ਅਚਾਨਕ ਦੂਜੀ ਸਾਈਡ ਤੋਂ ਸਾਡੇ 'ਤੇ ਹਵਾਈ ਫ਼ਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਉਹ ਵਾਪਸ ਜਾਣ ਲੱਗੇ ਤਾਂ ਕਾਂਗਰਸ ਦੇ ਕੁੱਝ ਨੌਜਵਾਨਾਂ ਅਤੇ ਬਾਹਰ ਤੋਂ ਮੰਗਵਾਏ ਲਗਭਗ 10-15 ਮੁੰਡਿਆਂ ਨੇ ਉਨ੍ਹਾਂ 'ਤੇ ਕਿਰਚ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿਤਾ। ਉਨ੍ਹਾਂ ਨੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ 'ਤੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਸ਼ਹਿ ਉੱਤੇ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਹੈ। ਅੰਮ੍ਰਿਤਸਰ ਰੈਫ਼ਰ ਹੋਣ ਵਾਲਿਆਂ ਵਿਚ ਅਮਰਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਬੱਬੇਹਾਲੀ ਵਾਸੀ ਪਿੰਡ ਬੱਬੇਹਾਲੀ, ਸਿਕੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗੁਰਦਾਸਪੁਰ ਅਤੇ ਗਗਨਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਬੱਬੇਹਾਲੀ ਸ਼ਾਮਲ ਹਨ। ਡਾਕਟਰਾਂ ਨੇ ਦਸਿਆ ਕਿ ਉਨ੍ਹਾਂ ਦਾ ਮੈਡੀਕਲ ਵੀ ਅੰਮ੍ਰਿਤਸਰ ਵਿਚ ਹੀ ਕਰਵਾਇਆ ਜਾਵੇਗਾ। ਦੂਜੇ ਪਾਸੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਪੁੱਜੇ ਕਾਂਗਰਸੀਆਂ ਦੀ ਪਛਾਣ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ, ਨਵਜੋਤ ਸਿੰਘ ਪੁੱਤਰ ਇਕਬਾਲ ਸਿੰਘ, ਗੁਰਮੀਤ ਸਿੰਘ ਪੁੱਤਰ ਤਰਲੋਕ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਸੋਹਨ ਸਿੰਘ ਸਾਰੇ ਨਿਵਾਸੀ ਪਿੰਡ ਬੱਬੇਹਾਲੀ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਅੱਜ ਪਿੰਡ ਵਿਚ ਪੰਚਾਇਤ ਦਾ ਇਜਲਾਸ ਸੀ ਅਤੇ ਕਈ ਮਤੇ ਪਾਸ ਹੋਣੇ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਾਬਕਾ ਵਿਧਾਇਕ ਗੁਰਬਚਨ ਸਿੰਘ ਨੇ ਲਲਕਾਰੇ ਮਾਰਦੇ ਹੋਏ ਸਾਡੇ 'ਤੇ ਹਮਲਾ ਕਰਨ ਲਈ 15-20 ਮੁੰਡਿਆਂ ਨੂੰ ਕਿਹਾ। ਹਾਲਾਂਕਿ ਦੋਨੋਂ ਧਿਰਾਂ ਵਲੋਂ ਇਕ ਦੂਜੇ ਉੱਤੇ ਇਲਜ਼ਾਮ ਲਾਏ ਜਾ ਰਹੇ ਹਨ ਪਰ ਸੱਚਾਈ ਕੀ ਹੈ? ਉਹ ਅਜੇ ਤਕ ਲੁਕੀ ਹੋਈ ਹੈ।