ਅਪਣੇ ਕੁਕਰਮਾਂ ਦੇ ਭੇਤ ਖੁਲਣ ਡਰੋਂ ਅਕਾਲੀ ਆਗੂ ਜਾਂਚ ਕਮਿਸ਼ਨਾਂ 'ਤੇ ਉਠਾ ਰਹੇ ਹਨ ਸਵਾਲ : ਸੁਨੀਲ ਜਾਖੜ
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਜ਼ਿਆਦਤੀਆਂ ਅਤੇ ਪਵਿੱਤਰ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ
ਚੰਡੀਗੜ੍ਹ, 16 ਸਤੰਬਰ (ਨੀਲ ਭਲਿੰਦਰ ਸਿੰਘ) : ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਜ਼ਿਆਦਤੀਆਂ ਅਤੇ ਪਵਿੱਤਰ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ, ਸੱਚ ਸਾਹਮਣੇ ਆਉਣ ਦੇ ਡਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਨਿਆਂ ਪ੍ਰਣਾਲੀ 'ਤੇ ਹੀ ਸਵਾਲ ਚੁੱਕ ਰਹੇ ਹਨ।
ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ 'ਤੇ ਪ੍ਰਤਿਕ੍ਰਿਆ ਦਿੰਦਿਆਂ ਕਹੀ ਜਿਸ ਵਿਚ ਸ: ਬਾਦਲ ਨੇ ਪਿਛਲੇ 10 ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਦੀਆਂ ਜ਼ਿਆਦਤੀਆਂ ਦੀ ਜਾਂਚ ਕਰੇ ਰਹੇ ਜਸਟਿਸ ਮਹਿਤਾਬ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰੇ ਰਹੇ ਜਸਟਿਸ ਰਣਜੀਤ ਸਿੰਘ ਤੇ ਹੀ ਉਂਗਲ ਚੁੱਕੀ ਸੀ। ਸ੍ਰੀ ਜਾਖੜ ਨੇ ਕਿਹਾ ਕਿ ਜਿਵੇਂ ਜਿਵੇਂ ਜਾਂਚ ਅੱਗੇ ਵਧ ਰਹੀ ਹੈ ਤਾਂ ਅਕਾਲੀ ਦਲ ਨੂੰ ਡਰ ਸਤਾ ਰਿਹਾ ਹੈ ਕਿ ਉਸਦੇ ਕਾਰਜਕਾਲ ਦੇ ਕੁਕਰਮਾਂ ਦੇ ਭੇਦ ਜਗ ਜ਼ਾਹਰ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਪਣੀ ਬਿੱਲੀ ਥੈਲਿਉਂ ਬਾਹਰ ਆਉਣ ਦੇ ਡਰੋਂ ਹੀ ਅਕਾਲੀ ਦਲ ਦੇ ਪ੍ਰਧਾਨ ਅਜਿਹੇ ਬੇਤੁਕੇ ਅਤੇ ਹਾਸੋਹੀਣੇ ਬਿਆਨ ਦੇ ਰਹੇ ਹਨ।
ਸ੍ਰੀ ਜਾਖੜ ਨੇ ਆਖਿਆ ਕਿ ਪਿਛਲੇ 10 ਸਾਲਾਂ ਦੇ ਅਪਣੇ ਰਾਜ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਅਪਣੇ ਹੀ ਘਰ ਭਰੇ ਹਨ ਅਤੇ ਅਪਣੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਲੋਕਤੰਤਰ ਦਾ ਘਾਣ ਕਰਨ ਦਾ ਕੰਮ ਕੀਤਾ ਸੀ। ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਕੋਲ ਇਸ ਸਬੰਧ ਵਿਚ ਹਜ਼ਾਰਾਂ ਸ਼ਿਕਾਇਤਾਂ ਪਹੁੰਚੀਆਂ ਹਨ, ਜਿਨ੍ਹਾਂ ਦੀ ਜਾਂਚ ਦੌਰਾਨ ਅਕਾਲੀ ਸਰਕਾਰ ਦੀਆਂ ਜ਼ਿਆਦਤੀਆਂ ਦਾ ਭੇਦ ਖੁਲਦਾ ਵੇਖ ਕੇ ਹੀ ਅਕਾਲੀ ਦਲ ਦੇ ਆਗੂ ਹੁਣ ਅਜਿਹੇ ਗ਼ੈਰ ਲੋਕਤਾਂਤਰਿਕ ਬਿਆਨ ਦੇਣ ਲੱਗੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕਿਸੇ ਨਾਲ ਵੀ ਸਿਆਸੀ ਅਧਾਰ 'ਤੇ ਕੋਈ ਜ਼ਿਆਦਤੀ ਨਹੀਂ ਕੀਤੀ ਜਾਂਦੀ ਹੈ। ਪਿਛਲੀ ਸਰਕਾਰ ਦੇ ਸਮੇਂ ਵਿਚ ਹੋਏ ਗਲਤ ਕੰਮਾਂ ਦੀ ਜਾਂਚ ਲਈ ਵੀ ਨਿਆਂਇਕ ਕਮਿਸ਼ਨ ਗਠਿਤ ਕੀਤੇ ਗਏ ਹਨ ਤਾਂ ਜੋ ਜਾਂਚ ਪੂਰੀ ਤਰਾਂ ਨਾਲ ਨਿਰਪੱਖ ਹੋਵੇ ਅਤੇ ਜਾਂਚ ਦੌਰਾਨ ਕੋਈ ਸਿਆਸਤ ਨਾ ਹੋਵੇ। ਸ੍ਰੀ ਜਾਖੜ ਨੇ ਸਪੱਸ਼ਟ ਕੀਤਾ ਕਿ ਅਜਿਹੀ ਬੇਤੁਕੀ ਬਿਆਨਬਾਜ਼ੀ ਕਰ ਕੇ ਵੀ ਸ਼੍ਰੋਮਣੀ ਅਕਾਲੀ ਦਲ ਸੱਚ ਨੂੰ ਪ੍ਰਗਟ ਹੋਣ ਤੋਂ ਰੋਕ ਨਹੀਂ ਸਕਦਾ ਹੈ।