ਭਗਤ ਸਿੰਘ ਦੀ ਕੁਰਬਾਨੀ 'ਤੇ ਮਾਣ : ਰਾਣਾ ਕੰਵਰ ਪਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਤ ਸਿੰਘ ਦੀ ਸੋਚ ਅੱਜ ਵੀ ਉਨੀ ਹੀ ਸਾਰਥਕ ਹੈ ਜਿੰਨੀ ਉਨ੍ਹਾਂ ਦੀ ਸ਼ਹਾਦਤ ਦੇਣ ਮੌਕੇ ਸੀ

Funeral Ceremony

ਖਟਕੜ ਕਲਾਂ/ਨਵਾਂਸ਼ਹਿਰ, 28 ਸਤੰਬਰ (ਸੁਖਵਿੰਦਰ ਬਣਵੈਤ, ਚੇਤ ਰਾਮ): ਭਗਤ ਸਿੰਘ ਦੀ ਸੋਚ ਅੱਜ ਵੀ ਉਨੀ ਹੀ ਸਾਰਥਕ ਹੈ ਜਿੰਨੀ ਉਨ੍ਹਾਂ ਦੀ ਸ਼ਹਾਦਤ ਦੇਣ ਮੌਕੇ ਸੀ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਦੀ ਮਿੱਟੀ ਨੇ ਉਸ ਸੂਰਬੀਰ ਨੂੰ ਜਨਮ ਦਿਤਾ ਜੇ ਦੇਸ਼ ਨੂੰ ਗੁਲਾਮੀ ਦੇ ਜੂਲੇ 'ਚੋਂ ਮੁਕਤ ਕਰਵਾਉਣ ਦਾ ਸੰਘਰਸ਼ ਲੜ ਕੇ, ਹੋਰਨਾਂ ਗੁਲਾਮ ਕੌਮਾਂ ਲਈ ਵੀ ਪ੍ਰੇਰਣਾ ਸ੍ਰੋਤ ਬਣਿਆ।
ਇਹ ਪ੍ਰਗਟਾਵਾ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੇ 110ਵੇਂ ਜਨਮ ਦਿਵਸ ਮੌਕੇ ਨਤਮਸਤਕ ਹੋਣ ਆਏ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ  ਕੀਤਾ। ਉਨ੍ਹਾਂ ਆਖਿਆ ਕਿ ਭਗਤ ਸਿੰਘ ਉਨ੍ਹਾਂ ਚੰਦ ਲੋਕਾਂ ਵਿਚੋਂ ਹਨ, ਜਿਨ੍ਹਾਂ ਜਵਾਨੀ ਮਾਣਨ ਦੀ ਬਜਾਏ ਅਜ਼ਾਦੀ ਦੇ ਘੋਲ ਵਿਚ ਸਰਗਰਮੀ ਨਾਲ ਹਿੱਸਾ ਲੈ ਕੇ ਨਾਮ ਕਮਾਇਆ। ਅੱਜ ਭਗਤ ਸਿੰਘ ਦੇ ਨਾਂ 'ਤੇ ਸੰਸਥਾਵਾਂ, ਕਲੱਬਾਂ ਅਤੇ ਹੋਰ ਬਹੁਤ ਸਾਰੇ ਸਥਾਨਾਂ ਦਾ ਨਾਮਕਰਣ ਇਸ ਗੱਲ ਦਾ ਪ੍ਰਮਾਣ ਹੈ ਕਿ ਹਿੰਦੁਸਤਾਨ ਅਤੇ ਪੰਜਾਬ ਦੇ ਲੋਕ ਉਸ ਬਹਾਦਰ ਸਪੂਤ ਨਾਲ ਕਿਸ ਹੱਦ ਤਕ ਜੁੜੇ ਹੋਏ ਹਨ ਅਤੇ ਕਿੰਨਾ ਸਤਿਕਾਰ ਦਿੰਦੇ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਣ ਵਾਲਿਆਂ ਨੂੰ ਸ਼ਹਾਦਤ ਦੇ ਕਿਸੇ ਸਰਟੀਫ਼ੀਕੇਟ ਦੀ ਜ਼ਰੂਰਤ ਨਹੀਂ ਹੁੰਦੀ।
ਰਾਣਾ ਕੰਵਰਪਾਲ ਸਿੰਘ ਵਲੋਂ ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਣ ਬਾਅਦ, ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ਦੇ ਵੀ ਦਰਸ਼ਨ ਕੀਤੇ ਗਏ। ਬਾਅਦ ਵਿਚ ਉਹ ਭਗਤ ਸਿੰਘ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ ਅਤੇ ਉਨ੍ਹਾਂ ਦੇ ਪਰਵਾਰ ਨਾਲ ਜੁੜੀਆਂ ਵਸਤਾਂ ਵੀ ਦੇਖੀਆਂ। ਉਨ੍ਹਾਂ ਨਾਲ ਸਤਨਾਮ ਸਿੰਘ ਕੈਂਥ, ਅੰਗਦ ਸਿੰਘ, ਚੌ. ਦਰਸ਼ਨ ਲਾਲ ਮੰਗੂਪੁਰ, ਪ੍ਰਤਾਪ ਸਿੰਘ ਖਚਾਰੀਆਵਾਸ, ਡੀ.ਸੀ. ਸੋਨਾਲੀ ਗਿਰਿ, ਐਸ.ਐਸ.ਪੀ. ਸਤਿੰਦਰ ਸਿੰਘ, ਐਸ.ਡੀ.ਐਮ. ਬੰਗਾ ਹਰਚਰਨ ਸਿੰਘ ਆਦਿ ਹਾਜ਼ਰ ਸਨ।