ਭਾਜਪਾ ਆਗੂਆਂ ਵਿਰੁਧ ਕੇਸ ਵਾਪਸ ਲੈਣ ਦੇ ਰੌਂਅ 'ਚ ਹੈ ਯੂ.ਪੀ. ਸਰਕਾਰ
ਉੱਤਰ ਪ੍ਰਦੇਸ਼ ਸਰਕਾਰ ਨੇ 2013 ਦੇ ਮੁਜੱਫ਼ਰਨਗਰ ਦੰਗਾ ਮਾਮਲੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂਆਂ ਵਿਰੁਧ ਇਥੋਂ ਦੀ ਇਕ ਅਦਾਲਤ 'ਚ ਲਟਕ ਰਹੇ 9 ਅਪਰਾਧਕ....
ਮੁਜੱਫ਼ਰਨਗਰ, 20 ਜਨਵਰੀ: ਉੱਤਰ ਪ੍ਰਦੇਸ਼ ਸਰਕਾਰ ਨੇ 2013 ਦੇ ਮੁਜੱਫ਼ਰਨਗਰ ਦੰਗਾ ਮਾਮਲੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂਆਂ ਵਿਰੁਧ ਇਥੋਂ ਦੀ ਇਕ ਅਦਾਲਤ 'ਚ ਲਟਕ ਰਹੇ 9 ਅਪਰਾਧਕ ਮਾਮਲਿਆਂ ਨੂੰ ਵਾਪਸ ਲੈਣ ਦੀ ਉਮੀਦ 'ਤੇ ਸੂਚਨਾ ਮੰਗੀ ਹੈ। ਇਹ ਜਾਣਕਾਰੀ ਸੂਬੇ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਜ਼ਿਲ੍ਹਾ ਅਧਿਕਾਰੀ ਨੂੰ ਲਿਖੀ ਚਿੱਠੀ 'ਚ ਮਿਲੀ।ਉੱਤਰ ਪ੍ਰਦੇਸ਼ ਦੇ ਮੰਤਰੀ ਸੁਰੇਸ਼ ਰਾਣਾ, ਸਾਬਕਾ ਕੇਂਦਰੀ ਮੰਤਰੀ ਸੰਜੀਵ ਬਲਿਆਨ, ਸੰਸਦ ਮੈਂਬਰ ਭਾਰਤੇਂਦੂ ਸਿੰਘ, ਵਿਧਾਇਕ ਉਮੇਸ਼ ਮਲਿਕ ਅਤੇ ਪਾਰਟੀ ਆਗੂ ਸਾਧਵੀ ਪ੍ਰਾਚੀ ਵਿਰੁਧ ਮਾਮਲੇ ਦਰਜ ਹਨ।ਜ਼ਿਲ੍ਹਾ ਅਧਿਕਾਰੀ ਨੂੰ ਪੰਜ ਜਨਵਰੀ ਨੂੰ ਲਿਖੀ ਚਿੱਠੀ 'ਚ ਉੱਤਰ ਪ੍ਰਦੇਸ਼ ਦੇ ਨਿਆਂ ਵਿਭਾਗ 'ਚ ਵਿਸ਼ੇਸ਼ ਸਕੱਤਰ ਰਾਜ ਸਿੰਘ ਨੇ 13 ਬਿੰਦੂਆਂ 'ਤੇ ਜਵਾਬ ਮੰਗਿਆ ਹੈ ਜਿਸ 'ਚ ਜਨਹਿਤ ਦੇ ਮਾਮਲਿਆਂ ਨੂੰ ਵਾਪਸ ਲਿਆ ਜਾਣਾ ਵੀ ਸ਼ਾਮਲ ਹੈ।
ਚਿੱਠੀ 'ਚ ਮੁਜੱਫ਼ਰਨਗਰ ਦੇ ਸੀਨੀਅਰ ਪੁਲਿਸ ਸੂਪਰਡੈਂਟ ਦਾ ਵਿਚਾਰ ਵੀ ਮੰਗਿਆ ਗਿਆ ਹੈ। ਹਾਲਾਂਕਿ ਚਿੱਠੀ 'ਚ ਆਗੂਆਂ ਦੇ ਨਾਵਾਂ ਦਾ ਜ਼ਿਕਰ ਨਹੀਂ ਹੈ ਪਰਰ ਉਨ੍ਹਾਂ ਵਿਰੁਧ ਦਰਜ ਮਾਮਲਿਆਂ ਦੀ ਫ਼ਾਈਲ ਨੰਬਰ ਦਾ ਜ਼ਿਕਰ ਹੈ।ਮੁਲਜ਼ਮ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ, ਨੌਕਰਸ਼ਾਹਾਂ ਦੇ ਕੰਮ 'ਚ ਅੜਿੱਕਾ ਡਾਹੁਣ ਅਤੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਰੋਕਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮੁਜੱਫ਼ਰਨਗਰ ਅਤੇ ਨੇੜਲੇ ਇਲਾਕਿਆਂ 'ਚ ਅਗੱਸਤ-ਸਤੰਬਰ 2013 'ਚ ਹੋਏ ਫ਼ਿਰਕੂ ਦੰਗਿਆਂ 'ਚ 60 ਲੋਕ ਮਾਰੇ ਗਏ ਸਨ ਅਤੇ 40 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋਏ ਸਨ। (ਪੀਟੀਆਈ)