ਭਾਜਪਾ, ਬਾਦਲ ਅਕਾਲੀ ਦਲ ਦੀ ਥਾਂ, ਰਾਸ਼ਟਰੀ ਸਿੱਖ ਸੰਗਤ ਨੂੰ ਦਿਵਾਉਣ ਲਈ ਕਾਹਲੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸਿੱਖ ਸੰਗਤ (ਆਰ ਐਸ ਐਸ) ਦੇ ਦਿਲੀ ਵਿਚ, ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਕੀਤੇ ਗਏ ਸ਼ਰਧਾਂਜਲੀ ਸਮਾਗਮ

Rajnath Singh

ਨਵੀਂ ਦਿਲੀ, (ਅਮਨਦੀਪ ਸਿੰਘ): ਰਾਸ਼ਟਰੀ ਸਿੱਖ ਸੰਗਤ (ਆਰ ਐਸ ਐਸ) ਦੇ ਦਿਲੀ ਵਿਚ, ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਕੀਤੇ ਗਏ ਸ਼ਰਧਾਂਜਲੀ ਸਮਾਗਮ ਦੀ ਅਹਿਮ ਗੱਲ ਇਹ ਰਹੀ ਕਿ ਅਕਾਲੀ ਦਲ ਦੀ ਗ਼ੈਰ-ਹਾਜ਼ਰੀ ਵਾਲੇ ਸਮਾਗਮ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ, ''ਕੇਂਦਰ ਸਰਕਾਰ ਨੇ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਵਿਚੋਂ 100 ਨਾਵਾਂ ਨੂੰ ਰੱਦ ਕਰ ਦਿਤਾ ਹੈ ਤੇ ਨਵੰਬਰ 1984 ਦੇ ਕਤਲੇਆਮ ਦੀ ਪੜਤਾਲ ਲਈ ਐਸਆਈਟੀ ਬਣਾਈ ਗਈ ਹੈ ਤੇ ਕਈ ਮਾਮਲੇ ਖੋਲ੍ਹੇ ਗਏ ਹਨ ਤੇ ਚਾਰਜਸ਼ੀਟ ਪੇਸ਼ ਕੀਤੀ ਜਾ ਰਹੀ ਹੈ।'' ਦਰਅਸਲ ਕੇਂਦਰੀ ਗ੍ਰਹਿ ਮੰਤਰੀ ਦੇ ਇਸ ਐਲਾਨ ਤੋਂ ਸਪੱਸ਼ਟ ਜਾਪ ਰਿਹਾ ਹੈ ਕਿ ਉਹ ਅਕਾਲੀਆਂ ਨੂੰ ਪਾਸੇ ਕਰ ਕੇ, ਸਿੱਖਾਂ ਦੇ ਪੁਰਾਣੇ ਤੇ ਜਜ਼ਬਾਤੀ ਮੁੱਦਿਆਂ ਦੇ ਸਹਾਰੇ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਧੇ ਤੌਰ 'ਤੇ ਸਿੱਖਾਂ ਨਾਲ ਜੁੜਨਾ ਚਾਹੁੰਦੇ ਹਨ। ਇਸ ਕਰ ਕੇ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਨਾਲ ਭਾਜਪਾ ਤੇ ਆਰ.ਐਸ.ਐਸ ਦੇ ਰਿਸ਼ਤੇ ਕੁੱਝ ਹੋਰ ਰੁਖ਼ ਅਖਤਿਆਰ ਕਰ ਸਕਦੇ ਹਨ।
ਬੀਜੇਪੀ ਨੇਤਾ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ (ਬਾਦਲ) ਅਪਣੀ ਸਾਖ ਲਗਾਤਾਰ ਗਵਾਉਂਦਾ ਚਲਾ ਆ ਰਿਹਾ ਹੈ ਤੇ ਸਿੱਖ ਚਾਹੁੰਦੇ ਹਨ ਕਿ ਬਾਦਲ ਪ੍ਰਵਾਰ ਦੀ ਬੰਧੂਆ ਬਣ ਚੁੱਕੀ ਪਾਰਟੀ ਕਿਉਂਕਿ ਪ੍ਰਵਾਰ ਦੇ ਭਲੇ ਤੋਂ ਅੱਗੇ ਦੀ ਗੱਲ ਸੋਚ ਹੀ ਨਹੀਂ ਸਕਦੀ, ਇਸ ਲਈ ਸਿੱਖੀ ਦੇ ਹੱਕਾਂ ਅਧਿਕਾਰਾਂ ਦੀ ਰਾਖੀ ਲਈ ਕੋਈ ਨਵੀਂ ਸਿੱਖ ਪਾਰਟੀ ਹੋਂਦ ਵਿਚ ਆਉਂਣੀ ਹੀ ਚਾਹੀਦੀ ਹੈ। ਪਰ ਸਿੱਖ ਇਸ ਗੱਲੋਂ ਵੀ ਦੁਖੀ ਹਨ ਕਿ ਕੋਈ ਵੀ ਸਿੱਖ ਆਗੂ ਸਹੀ ਸਲਾਮਤ ਹਾਲਤ ਵਿਚ ਨਹੀਂ ਰਹਿ ਗਿਆ ਜੋ ਨਵੀਂ ਪਾਰਟੀ ਦੀ ਅਗਵਾਈ ਕਰ ਸਕੇ। ਇਸ ਲਈ ਸਿੱਖ ਮੰਗਾਂ ਨੂੰ ਕੇਂਦਰ ਕੋਲੋਂ ਮਨਵਾ ਦੇਣ ਦੀ ਗੱਲ ਕਰ ਕੇ, ਆਰ.ਐਸ.ਐਸ ਚਾਹੁੰਦੀ ਹੈ ਕਿ ਸਿੱਖਾਂ ਨੂੰ ਭਾਜਪਾ ਦੀ ਕਾਇਮ ਕੀਤੀ ਆਰ.ਐਸਐਸ ਨਾਲ ਜੋੜਿਆ ਜਾਏ, ਸਿੱਖ ਗੁਰੂਆਂ ਦੀ ਖ਼ੂਬ ਪ੍ਰਸ਼ੰਸਾ ਕੀਤੀ ਜਾਏ ਤੇ ਸਿੱਖਾਂ ਨੂੰ ਸੁਨੇਹਾ ਦਿਤਾ ਜਾਏ ਕਿ ਰਾਸ਼ਟਰੀ ਸਿੱਖ ਸੰਗਤ ਹੀ, ਸਿੱਖਾਂ ਦੀਆਂ ਸਾਰੀਆਂ ਮੰਗਾਂ ਮਨਵਾ ਕੇ ਦੇ ਸਕਦੀ ਹੈ।