ਭਾਜਪਾ ਹੁਣ 'ਵੰਦੇ ਮਾਤਰਮ' ਦੀ ਰਾਜਸੀ ਵਰਤੋਂ ਕਰਨ ਲੱਗੀ : ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਸਪਾ ਪ੍ਰਧਾਨ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਵੰਦੇ ਮਾਤਰਮ ਦੀ ਰਾਜਸੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ

Mayawati

ਲਖਨਊ, 11 ਸਤੰਬਰ : ਬਸਪਾ ਪ੍ਰਧਾਨ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਵੰਦੇ ਮਾਤਰਮ ਦੀ ਰਾਜਸੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੌਮੀ ਤਰਾਨੇ ਦੇ ਬਣਦੇ ਮਾਣ-ਸਨਮਾਨ ਨੂੰ ਕਾਇਮ ਰਖਿਆ ਜਾਣਾ ਚਾਹੀਦਾ ਹੈ।
ਮਾਇਆਵਤੀ ਨੇ ਇਥੇ ਬਿਆਨ ਜਾਰੀ ਕਰ ਕੇ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਵਾਲੇ ਭਾਸ਼ਨ ਦੇ 125 ਵਰ੍ਹੇ ਪੂਰੇ ਹੋਣ ਦੇ ਸਮਾਗਮ ਵਿਚ ਮੋਦੀ ਵਲੋਂ ਨੌਜਵਾਨਾਂ ਨੂੰ ਸੰਬੋਧਤ ਕੀਤੇ ਜਾਣ ਬਾਬਤ ਦੋਸ਼ ਲਾਇਆ ਕਿ ਭਾਜਪਾ ਨੇ ਪਹਿਲਾਂ ਚੋਣ ਮੁਫ਼ਾਦ ਲਈ ਵੰਦੇ ਮਾਤਰਮ ਦੀ ਵਰਤੋਂ ਕੀਤੀ ਅਤੇ ਹੁਣ ਇਸ ਨੂੰ ਰਾਜਨੀਤਕ ਨਾਹਰੇ ਵਜੋਂ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਮਾੜੀ ਗੱਲ ਹੈ ਅਤੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਕਥਨੀ ਅਤੇ ਕਰਨੀ ਵਿਚ ਬਹੁਤ ਵੱਡਾ ਫ਼ਰਕ ਹੈ, ਇਸ ਕਾਰਨ ਉਨ੍ਹਾਂ ਕੋਲ ਦੇਸ਼ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹਿਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਮਾਜ ਖ਼ਾਸਕਰ ਸਰਕਾਰਾਂ ਦੀ ਚੰਗੀ ਨੀਤੀ ਅਤੇ ਕੰਮਾਂ ਨਾਲ ਬਣਦਾ ਹੈ। (ਏਜੰਸੀ)