ਛੋਟੇਪੁਰ ਵਲੋਂ ਕਿਸੇ ਵੀ ਸਿਆਸੀ ਧਿਰ ਨਾਲ ਨਾ ਜਾਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣਾ ਪੰਜਾਬ ਪਾਰਟੀ' ਦੇ ਮੁਖੀ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ

Sucha Singh Chhotepur

ਚੰਡੀਗੜ੍ਹ, 7 ਅਕਤੂਬਰ (ਨੀਲ ਭਲਿੰਦਰ ਸਿੰਘ): 'ਆਪਣਾ ਪੰਜਾਬ ਪਾਰਟੀ' ਦੇ ਮੁਖੀ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅੱਜ ਅਪਣਾ ਕਿਸੇ ਵੀ ਪਾਰਟੀ ਖ਼ਾਸਕਰ ਅਕਾਲੀ ਦਲ ਨਾਲ ਕੋਈ ਰਲੇਵਾਂ ਹੋ ਰਿਹਾ ਹੋਣ ਦੀਆਂ ਚਰਚਾਵਾਂ ਨੂੰ ਮੁਢੋਂ ਹੀ ਰੱਦ ਕਰ ਦਿਤਾ ਹੈ। ਉਨ੍ਹਾਂ ਅਪਣਾ ਰੁਖ ਸਪੱਸ਼ਟ ਕਰਨ ਲਈ ਅੱਜ ਇਥੇ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫ਼ਰੰਸ ਵੀ ਸੱਦੀ। ਇਸ ਮੌਕੇ ਉਨ੍ਹਾਂਂ ਗੁਰਦਾਸਪੁਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਸਾਫ਼ ਅਕਸ ਵਾਲੇ ਉਮੀਦਵਾਰ ਨੂੰ ਵੋਟਾਂ ਪਾਵੇ। ਉਨ੍ਹਾਂ ਕਿਹਾ ਕਿ ਜਨਤਾ ਜਿਸ ਨੂੰ ਵੀ ਚਾਹੇ ਵੋਟਾਂ ਪਾਵੇ ਪਰ ਇਸ ਗੱਲ ਦਾ ਖਿਆਲ ਰੱਖੇ ਕਿ ਉਹ ਉਮੀਦਵਾਰ ਲੋਕਾਂ ਨਾਲ ਹਰ ਚੰਗੇ-ਮਾੜੇ 'ਚ ਖੜੇ ਅਤੇ ਮਿਲਣਸਾਰ ਹੋਵੇ। ਹਾਲਾਂਕਿ ਛੋਟੇਪੁਰ ਨੇ ਇਹ ਮੰਨਿਆ ਕਿ ਉਨ੍ਹਾਂ ਦੀ ਪਹਿਲੀ ਪਾਰਟੀ 'ਆਪ' ਨੂੰ ਛੱਡ ਕੇ ਗੁਰਦਾਸਪੁਰ ਜ਼ਿਮਨੀ ਚੋਣ 'ਚ ਕੁੱਦੀਆਂ ਸਾਰੀਆਂ ਪ੍ਰਮੁੱਖ ਧਿਰਾਂ ਦੇ ਆਗੂ ਉਨ੍ਹਾਂ ਕੋਲ ਨਿਜੀ ਤੌਰ 'ਤੇ ਹਮਾਇਤ ਲਈ ਬਹੁੜ ਚੁਕੇ ਹਨ ਪਰ ਉਹ ਕਿਸੇ ਨਾਲ ਖੁਲ੍ਹ ਕੇ ਨਹੀਂ ਚਲਣਗੇ।