ਚੋਣ ਨਤੀਜੇ ਦੇਸ਼ 'ਚ ਭਾਜਪਾ ਦੇ ਸਫ਼ਾਏ ਦਾ ਮੁੱਢ ਬੰਨ੍ਹਣਗੇ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਸ਼

Sunil Kumar Jakhar

ਸ਼ਿਮਲਾ/ਚੰਡੀਗੜ੍ਹ, 6 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਸ਼ ਵਿਚੋਂ ਭਾਰਤੀ ਜਨਤਾ ਪਾਰਟੀ ਦੇ ਸਫ਼ਾਏ ਦਾ ਮੁੱਢ ਬਣਨਗੇ। ਉਹ ਅੱਜ ਸ਼ਿਮਲਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ।ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਜਿਸ ਤਰ੍ਹਾਂ ਪੂਰੀ ਹਿੰਦੁਸਤਾਨ ਸਰਕਾਰ ਨੇ ਪਿਛਲੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਡੇਰਾ ਲਾਇਆ ਹੋਇਆ ਹੈ ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੂੰ ਹਿਮਾਚਲ ਵਿਚ ਅਪਣੀ ਹਾਰ ਪ੍ਰਤੱਖ ਨਜ਼ਰ ਆ ਰਹੀ ਹੈ। ਉਨ੍ਹਾਂ ਆਖਿਆ ਕਿ ਭਾਜਪਾ ਵਲੋਂ ਭਾਵੁਕ ਮੁੱਦਿਆਂ ਅਤੇ ਲੋਕ ਲੁਭਾਊ ਗੱਲਾਂ ਕਰ ਕੇ ਹੀ ਲੋਕਾਂ ਨੂੰ ਗੁਮਰਾਹ ਕਰ ਕੇ 2014 ਵਿਚ ਸਰਕਾਰ ਬਣਾਈ ਸੀ ਪਰ ਅੱਜ ਤਕ ਦੇਸ਼ ਦਾ ਅਵਾਮ ਚੰਗੇ ਦਿਨਾਂ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੁਮਲਿਆਂ ਦੀ ਭਾਸ਼ਾ ਵਿਚ ਗੱਲ ਕਰਦੇ ਹਨ ਅਤੇ 

ਉਹ ਦੇਸ਼ ਦੇ ਯਥਾਰਤ ਨੂੰ ਨਹੀਂ ਸਮਝਦੇ ਹਨ ਤਾਂ ਹੀ ਤਾਂ ਨੋਟਬੰਦੀ ਅਤੇ ਜੀ ਐਸਟੀ ਵਰਗੇ ਫ਼ੈਸਲੇ ਲੋਕ ਮਾਰੂ ਸਿੱਧ ਹੋਏ ਹਨ ਅਤੇ ਦੇਸ਼ ਦੀ ਵਿਕਾਸ ਦਰ ਲਗਾਤਾਰ ਥੱਲੇ ਜਾ ਰਹੀ ਹੈ।ਜਾਖੜ ਨੇ ਆਖਿਆ ਕਿ ਨੋਟਬੰਦੀ ਕਰ ਕੇ ਪ੍ਰਧਾਨ ਮੰਤਰੀ ਨੇ ਪੂਰੇ ਮੁਲਕ ਨੂੰ ਦੋ ਮਹੀਨਿਆਂ ਲਈ ਲਾਈਨਾਂ ਵਿਚ ਲਗਾਈ ਰਖਿਆ ਸੀ ਅਤੇ ਲੋਕ ਅਪਣੇ ਹੀ ਪੈਸੇ ਬੈਂਕਾਂ ਤੋਂ ਲੈਣ ਲਈ ਕਤਾਰਾਂ ਵਿਚ ਲੱਗੇ ਰਹੇ ਪਰ ਕਾਲਾ ਧਨ ਅੱਜ ਤਕ ਬਾਹਰ ਨਹੀਂ ਆਇਆ। ਇਸੇ ਤਰਾਂ ਬਦਨਿਯਤ ਨਾਲ ਦੋਸ਼ਪੂਰਨ ਤਰੀਕੇ ਨਾਲ ਲਾਗੂ ਕੀਤੀ ਜੀਐਸਟੀ ਕਰ ਪ੍ਰਣਾਲੀ ਵਪਾਰ ਅਤੇ ਉਦਯੋਗ ਜਗਤ ਦੀ ਤਬਾਹੀ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਜੀਡੀਪੀ ਦਰ ਵਿਚ ਲਗਾਤਾਰ ਆ ਰਹੀ ਕਮੀ ਇਸ ਗੱਲ ਦਾ ਸੂਚਕ ਹੈ ਕਿ ਦੇਸ਼ ਵਿਚ ਉਦਯੋਗ ਬੰਦ ਹੋ ਰਹੇ ਹਨ ਜਾਂ ਉਨ੍ਹਾਂ ਦਾ ਉਤਪਾਦਨ ਘੱਟ ਰਿਹਾ ਹੈ, ਜਿਸ ਦਾ ਸਿੱਧਾ ਦੁਸ਼ਪ੍ਰਭਾਵ ਇਹ ਹੋਵੇਗਾ ਕਿ ਰੁਜ਼ਗਾਰ ਦੇ ਮੌਕੇ ਘੱਟਣਗੇ ਅਤੇ ਬੇਰਜ਼ੁਗਾਰੀ ਹੋਰ ਵਧੇਗੀ। ਹਿਮਾਚਲ ਪ੍ਰਦੇਸ਼ ਦੇ ਚੋਣ ਪ੍ਰਚਾਰ ਵਿਚ ਭਾਜਪਾ ਦੇ ਆਗੂਆਂ ਵਲੋਂ ਵਰਤੀ ਜਾ ਰਹੀ ਨਿਵੇਂ ਦਰਜੇ ਦੀ ਸ਼ਬਦਾਵਲੀ ਦੀ ਨਿੰਦਾ ਕਰਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਮੇਤ ਦੂਜੇ ਭਾਜਪਾ ਆਗੂਆਂ ਨੂੰ ਮਰਿਆਦਾ ਨਹੀਂ ਭੁੱਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਅੰਦਰ ਦੀ ਬੁਰਾਈ ਹੀ ਉਨ੍ਹਾਂ ਦੇ ਅਜਿਹੇ ਸੁਭਾਅ ਦਾ ਅੰਗ ਬਣ ਚੁੱਕੀ ਹੈ ਜਿਸ ਤਹਿਤ ਉਨ੍ਹਾਂ ਨੂੰ ਹਰ ਪਾਸੇ ਬੁਰਾ ਹੀ ਬੁਰਾ ਦਿਖਾਈ ਦਿੰਦਾ ਹੈ।