ਦਿੱਲੀ ਦੇ ਮੁੱਖ ਮੰਤਰੀ ਨਾਲ ਚਪੜਾਸੀ ਜਿਹਾ ਵਿਹਾਰ ਕਰਦੇ ਹਨ ਗਵਰਨਰ : ਨਰੇਸ਼ ਅਗਰਵਾਲ
ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ.....
ਨਵੀਂ ਦਿੱਲੀ, 29 ਦਸੰਬਰ : ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈਫ਼ਟੀਨੈਂਟ ਗਵਰਨਰ ਦਾ ਚਪੜਾਸੀ ਦੱਸ ਕੇ ਵਿਵਾਦ ਖੜਾ ਕਰ ਦਿਤਾ। ਉਨ੍ਹਾਂ ਰਾਜ ਸਭਾ ਵਿਚ ਕੇਜਰੀਵਾਲ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਗਵਰਨਰ ਦਿੱਲੀ ਦੇ ਮੁੱਖ ਮੰਤਰੀ ਨਾਲ ਚਪੜਾਸੀ ਜਿਹਾ ਵਿਹਾਰ ਕਰ ਰਹੇ ਹਨ। ਨਰੇਸ਼ ਅਗਰਵਾਲ ਰਾਜ ਸਭਾ ਵਿਚ ਦਿੱਲੀ ਦੀ ਹਾਲਤ ਬਾਰੇ ਮੋਦੀ ਸਰਕਾਰ 'ਤੇ ਸਵਾਲ ਉਠਾ ਰਹੇ ਸਨ ਅਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਜ਼ਿਆਦਾ ਅਧਿਕਾਰ ਦੇਣ ਦੀ ਗੱਲ ਕਹਿ ਰਹੇ ਸਨ। ਉਨ੍ਹਾਂ ਕਿਹਾ, 'ਦਿੱਲੀ ਨੂੰ ਬਿਹਤਰ ਬਣਾਉਣਾ ਹੈ ਤਾਂ ਦੂਸ਼ਣਬਾਜ਼ੀ ਤੋਂ ਹਟ ਕੇ ਸਾਨੂੰ ਸਾਰਿਆਂ ਨੂੰ ਕਾਰਵਾਈ ਕਰਨੀ ਪਵੇਗੀ। ਇਹ ਬਿਲ ਕਈ ਵਾਰ ਆ ਚੁਕੇ ਹਨ, ਅਸੀਂ ਕਈ ਵਾਰ ਕਹਿੰਦੇ ਹਾਂ ਕਿ ਦੁਕਾਨਾਂ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਕੀਤਾ ਜਾਵੇ ਪਰ ਕਈ ਦਿਨਾਂ ਤੋਂ ਅਸੀਂ ਸੁਣ ਰਹੇ ਹਾਂ ਕਿ ਦਿੱਲੀ
ਵਿਚ ਦੁਕਾਨਾਂ ਵਿਚ ਤਾਲਾ ਲੱਗ ਰਿਹਾ ਹੈ।' ਉਨਾਂ ਭਾਜਪਾ 'ਤੇ ਹਮਲਾ ਕਰਦਿਆਂ ਕਿਹਾ, 'ਦਿੱਲੀ ਵਿਚ ਐਮਸੀਡੀ ਤੁਹਾਡੀ ਹੈ ਪਰ ਉਹ ਕਾਰਵਾਈ ਕਿਉਂ ਨਹੀਂ ਕਰਦੀ? ਤੁਸੀਂ ਦਿੱਲੀ ਸਰਕਾਰ 'ਤੇ ਤਦ ਦੋਸ਼ ਲਗਾਉ ਜਦ ਦਿੱਲੀ ਸਰਕਾਰ ਕੋਲ ਕੋਈ ਪਾਵਰ ਹੋਵੇ। ਲੈਫ਼ਟੀਨੈਂਟ ਗਵਰਨਰ ਦਿੱਲੀ ਦੇ ਮੁੱਖ ਮੰਤਰੀ ਨਾਲ ਚਪੜਾਸੀ ਜਿਹਾ ਵਰਤਾਅ ਕਰਦੇ ਹਨ। ਕੀ ਇਹ ਮੁੱਖ ਮੰਤਰੀ ਦੀ ਬੇਇਜ਼ਤੀ ਨਹੀਂ?' ਉਨ੍ਹਾਂ ਦੀ ਇਸ ਗੱਲ ਦਾ ਸੱਤਾਧਿਰ ਦੇ ਮੈਂਬਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਫਿਰ ਉਨ੍ਹਾਂ ਕਿਹਾ ਕਿ ਇਹ ਦਿੱਲੀ ਸਰਕਾਰ ਦਾ ਦੋਸ਼ ਹੈ। ਉਥੋਂ ਦੇ ਮੁੱਖ ਮੰਤਰੀ ਦਾ ਦੋਸ਼ ਹੈ। (ਏਜੰਸੀ)