ਹਰਦੀਪ ਸਿੰਘ ਪੁਰੀ, ਨਿਰਮਲਾ ਸੀਤਾਰਮਨ, ਅਲਫ਼ੌਂਸ ਨੇ ਅੰਗਰੇਜ਼ੀ ਵਿਚ ਸਹੁੰ ਚੁਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਤਰੀ ਮੰਡਲ ਵਿਸਤਾਰ ਤਹਿਤ ਰਾਸ਼ਟਰਪਤੀ ਭਵਨ ਵਿਚ ਹੋਏ ਸਹੁੰ-ਚੁੱਕ ਸਮਾਗਮ ਵਿਚ ਮਹਿਮਾਨ ਵਜੋਂ ਪਹੁੰਚੀ ਔਰਤ ਸਮਾਗਮ ਸ਼ੁਰੂ ਹੋਣ ਤੋਂ....

Swearing-in events

ਨਵੀਂ ਦਿੱਲੀ  : ਮੰਤਰੀ ਮੰਡਲ ਵਿਸਤਾਰ ਤਹਿਤ ਰਾਸ਼ਟਰਪਤੀ ਭਵਨ ਵਿਚ ਹੋਏ ਸਹੁੰ-ਚੁੱਕ ਸਮਾਗਮ ਵਿਚ ਮਹਿਮਾਨ ਵਜੋਂ ਪਹੁੰਚੀ ਔਰਤ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਬੇਹੋਸ਼ ਗਈ। ਦਰਬਾਰ ਹਾਲ 'ਚ ਹੋਏ ਸਮਾਗਮ ਦੌਰਾਨ ਜਦ ਔਰਤ ਨੂੰ ਬੇਚੈਨੀ ਮਹਿਸੂਸ ਹੋਈ ਤਾਂ ਰਾਸ਼ਟਰਪਤੀ ਦੇ ਡਾਕਟਰੀ ਸਟਾਫ਼ ਨੇ ਉਸ ਦਾ ਮੁਢਲਾ ਇਲਾਜ ਕੀਤਾ ਤੇ ਬਾਅਦ ਵਿਚ ਉਸ ਨੂੰ ਸਟਰੈਚਰ 'ਤੇ ਲਿਟਾ ਕੇ ਬਾਹਰ ਲਿਜਾਇਆ ਗਿਆ। ਸਹੁੰ ਚੁੱਕਣ ਸਮੇਂ ਮੰਤਰੀ ਧਰਮਿੰਦਰ ਪ੍ਰਧਾਨ ਨੇ 'ਸੰਸੂਚਿਤ' ਦੀ ਥਾਂ 'ਸਮੁਚਿਤ' ਸ਼ਬਦ ਦੀ ਵਰਤੋਂ ਕੀਤੀ। ਜਦ ਉਹ ਇਬਾਰਤ ਪੜ੍ਹ ਗਏ ਤਾਂ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸ਼ਬਦ ਠੀਕ ਪੜ੍ਹਨ ਲਈ ਕਿਹਾ ਤੇ ਉਨ੍ਹਾਂ ਦੁਬਾਰਾ ਇਬਾਰਤ ਪੜ੍ਹੀ।
ਹਰਦੀਪ ਸਿੰਘ ਪੁਰੀ, ਅਲਫ਼ੌਂਸ ਕਨਾਥਨਮ ਅਤੇ ਨਿਰਮਲਾ ਸੀਤਾਰਮਨ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ ਜਦਕਿ ਧਰਮਿੰਦਰ ਪ੍ਰਧਾਨ, ਪੀਊਸ਼ ਗੋਇਲ, ਮੁਖ਼ਤਾਰ ਅੱਬਾਸ ਨਕਵੀ ਤੋਂ ਇਲਾਵਾ ਅਸ਼ਵਨੀ ਕੁਮਾਰ ਚੌਬੇ, ਵੀਰੇਂਦਰ ਕੁਮਾਰ, ਸ਼ਿਵ ਪ੍ਰਤਾਪ ਸ਼ੁਕਲਾ, ਅਨੰਤ ਕੁਮਾਰ ਹੇਗੜੇ, ਰਾਜ ਕੁਮਾਰ ਸਿੰਘ, ਗਜੇਂਦਰ ਸਿੰਘ ਸ਼ੇਖ਼ਾਵਤ, ਸਤਿਆਪਾਲ ਸਿੰਘ ਨੇ ਹਿੰਦੀ ਵਿਚ ਸਹੁੰ ਚੁੱਕੀ।
ਸਮਾਗਮ ਦੌਰਾਨ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਤੋਂ ਇਲਾਵਾ ਵਿਰੋਧੀ ਧਿਰ ਦਾ ਕੋਈ ਹੋਰ ਨੇਤਾ ਮੌਜੂਦ ਨਹੀਂ ਸੀ। ਵਿਸਤਾਰ ਤੋਂ ਪਹਿਲਾਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਕਲਰਾਜ ਮਿਸ਼ਰਾ ਅਤੇ ਸੰਜੀਵ ਬਾਲਿਆਨ ਦਰਬਾਰ ਹਾਲ ਵਿਚ ਮੌਜੂਦ ਸਨ। (ਏਜੰਸੀ)